Home Faridkot ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ...

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ ਲਗਭਗ 17 ਪਿੰਡਾਂ ‘ਚ ਲਗਾਏ ਗਏ ਜਾਗਰੂਕਤਾ ਕੈਂਪ

ਪਾਣੀ ਦੀ ਦਾਤ ਨੂੰ ਵਿਅਰਥ ਨਾ ਡੋਲਣ, ਕੁਦਰਤੀ ਸੋਮੇ ਸੰਭਾਲ ਕੇ ਰੱਖਣ ਅਤੇ ਖੁੱਲੇ 'ਚ ਸੌਂਚ ਨਾਲ ਬਿਮਾਰੀਆਂ ਬਾਰੇ ਕੀਤਾ ਜਾ ਰਿਹੈ ਜਾਗਰੂਕ

35
SHARE

ਫਰੀਦਕੋਟ (ਡਿੰਪੀ ਸੰਧੂ) ਮਿਸ਼ਨ ਸਵੱਛ ਅਤੇ ਤੰਦਰੁਸਤ ਪੰਜਾਬ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਫਰੀਦਕੋਟ ਵੱਲੋਂ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਰਾਜੀਵ ਪਰਾਸ਼ਰ, ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ਵਿਚ ਲੋਕਾਂ ਨੂੰ ਇੱਕਠੇ ਕਰਕੇ ਵੱਡਮੁੱਲੇ ਪਾਣੀ ਦੀ ਦਾਤ ਨੂੰ ਵਿਅਰਥ ਨਾ ਡੋਲਣ ਤੇ ਪਾਣੀ ਦੇ ਕੁਦਰਤੀ ਸੋਮੇ ਸਾਂਭ ਕੇ ਰੱਖਣ ਪ੍ਰਤੀ ਅਤੇ ਬਾਹਰ ਖੁੱਲੇ ਵਿੱਚ ਸੌਂਚ ਜਾਣ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਅਤੇ ਆਪਣੇ ਘਰ ਵਿਚ ਬਣੇ ਹੋਏ ਪਖਾਨੇ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ, ਪਰਾਲੀ ਤੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਬਾਰੇ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਾਤਾਵਰਣ ਨੂੰ ਹੋਰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਆਪਣਾ ਆਲਾ ਦੁਆਲਾ ਤੇ ਸਾਂਝੀਆਂ ਥਾਵਾਂ ਨੂੰ ਸਾਫ ਸੁਥਰਾ ਰੱਖਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ।
ਇਸ ਸਬੰਧੀ ਜਿਆਦਾ ਜਾਣਕਾਰੀ ਦਿੰਦਿਆਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਜਰਕਾਰੀ ਇੰਜੀਨੀਅਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਹੀਨਾ ਜਨਵਰੀ ਦੌਰਾਨ ਹੁਣ ਤੱਕ ਅਜਿਹੇ 17 ਕੈਪਾਂ ਦਾ ਸਫ਼ਲ ਆਯੋਜਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਵਿਭਾਗ ਵੱਲੋਂ ਪਿੰਡ ਮਿੱਡੂਮਾਨ, ਬੀਹਲੇਵਾਲਾ, ਢਿੱਲਵਾਂ ਕਲਾਂ, ਬਹਿਬਲ ਕਲਾਂ, ਬਹਿਬਲ ਖੁਰਦ, ਗੁਰੂਸਰ ਆਦਿ ਪਿੰਡਾਂ ਵਿਚ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਲਗਾਏ ਗਏ ਹਨ। ਅਜਿਹਾ ਹੀ ਇਕ ਕੈਂਪ ਪਿੰਡ ਮਿੱਡੂਮਾਨ ਵਿਖੇ ਪਿੰਡ ਦੀ ਸਾਂਝੀ ਥਾਂ ‘ਚ ਲਗਾਇਆ ਗਿਆ। ਪਿੰਡ ਦੀ ਜਲ ਸਪਲਾਈ ਸਕੀਮ ਦੀ ਸਾਂਭ ਸੰਭਾਲ ਲਈ ਨਵੀਂ ਕਮੇਟੀ ਦਾ ਵੀ ਗਠਨ ਕੀਤਾ ਗਿਆ ਤੇ ਹਾਜ਼ਰ ਲੋਕਾਂ ਨੂੰ ਆਮ ਇਜਲਾਸ ਦੌਰਾਨ ਪਾਣੀ ਦੀ ਸਾਂਭ ਸੰਭਾਲ ਘਰ ਵਿਚ ਬਣੇ ਪਖਾਨਿਆਂ ਦੀ ਵਰਤੋਂ ਕਰਨ, ਵੱਧ ਤੋਂ ਵੱਧ ਬੂਟੇ ਲਗਾਉਣ ਲਈ ਜਾਗਰੂਕ ਕੀਤਾ ਗਿਆ। ਕੈਂਪ ਤੋਂ ਬਾਅਦ ਸਾਰੇ ਲੋਕਾਂ ਵੱਲੋਂ ਪਿੰਡ ਦੇ ਵਾਟਰ ਵਰਕਸ ਤੇ ਜਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਬੂਟੇ ਵੀ ਲਗਾਏ ਗਏ। ਜਲ ਸਪਲਾਈ ਅਤੇ ਸੈਨੀਟੇਸ਼ਨ, ਵਿਭਾਗ ਦੇ ਜੇ ਈ ਗੁਰਪ੍ਰੀਤ ਸਿੰਘ ਵੱਲੋਂ ਪਾਣੀ ਦੀ ਗੁਤਵੱਤਾ ਦੀ ਜਾਂਚ ਲਈ ਟੈਸਟ ਕਰਕੇ ਮੌਕੇ ਤੇ ਹੀ ਰਿਜ਼ਲਟ ਬਾਰੇ ਦੱਸਦਿਆ ਕਿਹਾ ਕਿ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ, ਇਸ ਲਈ ਵਾਟਰ ਵਰਕਸ ਦੇ ਪਾਣੀ ਨੂੰ ਤਰਜ਼ੀਹ ਦਿੱਤੀ ਜਾਵੇ। ਇਸ ਮੌਕੇ ਬੀ ਆਰ ਸੀ ਭਿੰਦਰ ਸਿੰਘ, ਪਿੰਡ ਦੇ ਸਰਪੰਚ ਪਰਮਜੀਤ ਕੌਰ, ਸਮੁੱਚੀ ਪੰਚਾਇਤ, ਮਾਸਟਰ ਮੋਟੀਵੇਟਰ ਬਲਵਿੰਦਰ ਕੌਰ, ਜਸਵੀਰ ਸਿੰਘ, ਦਿਨੇਸ਼ ਸ਼ਰਮਾ, ਸੁਖਵਿੰਦਰ ਸਿੰਘ ਤੇ ਹੋਰ ਪੱਤਵੰਤੇ ਹਾਜ਼ਰ ਸਨ। ਕੈਂਪ ਦੌਰਾਨ ਨਵੀਂ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਹੋਣ ਤੇ ਖੇਡਾਂ ਵੱਲ ਰੁਚੀ ਵਧਾਉਣ ਲਈ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ।