Home National ਦਿੱਲੀ ਪੁਲਿਸ ਵੱਲੋਂ ਭਿੰਡਰਾਂਵਾਲੇ ਦੇ ਸਾਥੀ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ...

ਦਿੱਲੀ ਪੁਲਿਸ ਵੱਲੋਂ ਭਿੰਡਰਾਂਵਾਲੇ ਦੇ ਸਾਥੀ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ,

ਪਟਿਆਲਾ ਹਾਊਸ ਅਦਾਲਤ ਵੱਲੋਂ ਅਦਾਲਤ ਤੋਂ ਗ਼ੈਰ-ਹਾਜ਼ਰ ਰਹਿਣ ਕਰਕੇ ਜਾਰੀ ਕੀਤੇ ਸਨ ਗ਼ੈਰ-ਜ਼ਮਾਨਤੀ ਵਾਰੰਟ

39
SHARE

ਨਵੀਂ ਦਿੱਲੀ (ਬਿਉਰੋ) ਦਿੱਲੀ ਪੁਲਿਸ ਵੱਲੋਂ ਕੇ.ਸੀ.ਐਫ ਮੈਂਬਰ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਾਥੀ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਵੱਲੋਂ ਦਾਅਵਾ ਕੀਤਾ ਹੈ. ਪੁਲਿਸ ਅਨੁਸਾਰ ਗੁਰਸੇਵਕ ਸਿੰਘ ਨੂੰ ਬੀਤੇ ਕੱਲ੍ਹ ਦਿੱਲੀ ਦੇ ਬੱਸ ਅੱਡੇ ਤੋਂ ਕਾਬੂ ਕੀਤਾ ਗਿਆ, ਜਿੱਥੇ ਉਹ ਆਪਣੇ ਜਾਣਕਾਰ ਨੂੰ ਮਿਲਣ ਆਇਆ ਸੀ. ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਗੁਰਸੇਵਕ ਪਰਮਜੀਤ ਸਿੰਘ ਪੰਜਵੜ ਦੇ ਇਸ਼ਾਰੇ ‘ਤੇ ਜਥੇਬੰਦੀ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਕੰਮ ਕਰ ਰਿਹਾ ਸੀ ਅਤੇ ਉਹ ਤਿਹਾੜ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਤੇ ਹੋਰਨਾਂ ਨਾਲ ਵੀ ਸੰਪਰਕ ਵਿੱਚ ਸੀ.
ਗੁਰਸੇਵਕ ਨੇ 26 ਸਾਲ ਤਕ ਦਾ ਸਮਾਂ ਜੇਲ੍ਹ ਵਿੱਚ ਗੁਜ਼ਾਰਿਆ ਹੈ ਤੇ ਉਸ ਦੇ ਕਈ ਦਹਿਸ਼ਤਪਸੰਦ ਜਥੇਬੰਦੀਆਂ ਨਾਲ ਸੰਪਰਕ ਵੀ ਹਨ. ਪੁਲਿਸ ਦਾ ਦਾਅਵਾ ਹੈ ਕਿ ਅੱਤਵਾਦ ਦੇ ਦੌਰ ਸਮੇਂ ਪੰਜਾਬ, ਦਿੱਲੀ ਤੇ ਰਾਜਸਥਾਨ ਵਿੱਚ ਸੁਰੱਖਿਆ ਏਜੰਸੀਆਂ ਦੇ ਮੁਖਬਰਾਂ ਦੇ ਕਤਲ ਦੇ ਨਾਲ-ਨਾਲ ਗੁਰਸੇਵਕ ਸਿੰਘ ਹਿੰਦੀ ਸਮਾਚਾਰ ਦੇ ਸੰਪਾਦਕ ਰਮੇਸ਼ ਚੰਦਰ (1984), ਪੰਜਾਬ ਦੇ ਡੀ.ਜੀ.ਪੀ ਜੂਲੀਓ ਰਿਬੈਰੋ (1986) ਅਤੇ ਥਾਣੇ ‘ਤੇ ਹਮਲਾ ਕਰਕੇ ਕੇ.ਸੀ.ਐਫ ਮੁਖੀ ਜਰਨੈਲ ਸਿੰਘ, ਗੁਰਿੰਦਰ ਪਾਲ ਸਿੰਘ ਭੋਲਾ ਤੇ ਸਵਰਨਜੀਤ ਸਿੰਘ ਨੂੰ ਹਿਰਾਸਤ ਵਿੱਚੋਂ ਭਜਾਉਣ ਆਦਿ ਜੁਰਮਾਂ ਵਿੱਚ ਸ਼ਾਮਲ ਰਹੇ ਹਨ.
ਦਿੱਲੀ ਪੁਲਿਸ ਦੇ ਵਧੀਕ ਕਮਿਸ਼ਨਰ (ਅਪਰਾਧ) ਅਜੀਤ ਕੁਮਾਰ ਸਿੰਗਲਾ ਨੇ ਦੱਸਿਆ ਕਿ ਵੱਖ-ਵੱਖ ਜੁਰਮਾਂ ਦੀ ਸਜ਼ਾ ਭੁਗਤਦਿਆਂ ਗੁਰਸੇਵਕ ਸਿੰਘ ਨੂੰ ਸਾਲ 2004 ਦੌਰਾਨ 18 ਸਾਲ ਮਗਰੋਂ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਸੀ ਜਿਸ ਤੋਂ ਮਗਰੋਂ ਉਸ ਨੂੰ ਸਾਲ 2010, 2014, 2015 ਤੇ 2016 ਦੌਰਾਨ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ. ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਸਾਲ 2017 ਵਿੱਚ ਦਿੱਲੀ ਪੁਲਿਸ ਨੇ ਗੁਰਸੇਵਕ ਸਿੰਘ ਨੂੰ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ. ਮਾਮਲੇ ਦੀ ਪੈਰਵੀ ਪਟਿਆਲਾ ਹਾਊਸ ਅਦਾਲਤ ਵਿੱਚ ਚੱਲ ਰਹੀ ਹੈ, ਪਰ ਗੁਰਸੇਵਕ ਸਿੰਘ ਲਗਾਤਾਰ ਅਦਾਲਤ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ ਇਸ ਲਈ ਅਦਾਲਤ ਨੇ ਉਸ ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ.