Home Punjab ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਲਈ ‘ਸਿੱਟ’ ਨੂੰ ਅਦਾਲਤ ਵੱਲੋਂ...

ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਲਈ ‘ਸਿੱਟ’ ਨੂੰ ਅਦਾਲਤ ਵੱਲੋਂ ਹਰੀ ਝੰਡੀ

87
SHARE
ਰਾਮ ਰਹੀਮ ਦੀ ਸੰਕੇਤਕ ਤਸਵੀਰ

ਫ਼ਰੀਦਕੋਟ (ਡਿੰਪੀ ਸੰਧੂ) ਫ਼ਰੀਦਕੋਟ ਅਦਾਲਤ ਨੇ ‘ਸਿੱਟ’ ਨੂੰ ਸਿਰਸਾ ਡੇਰਾ ਮੁਖੀ ਕੋਲੋਂ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ. ਅਦਾਲਤ ਦੇ ਇਸ ਹੁਕਮ ਤੋਂ ਬਾਅਦ ਬੇ-ਅਦਬੀਆਂ ਅਤੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਦੀ ਪੜਤਾਲ ਕਰ ਰਹੀ ‘ਸਿੱਟ’ ਦਾ ਡੇਰਾ ਸਿਰਸਾ ਮੁਖੀ ਕੋਲੋਂ ਪੁੱਛਗਿੱਛ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ. ਗੁਰਮੀਤ ਰਾਮ ਰਹੀਮ, ਜਿਹੜਾ ਕਿ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ ਕੋਲੋਂ ‘ਸਿੱਟ’ ਕਿਸੇ ਵੇਲੇ ਵੀ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ.
ਐਸ.ਆਈ.ਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿਚ ਹੋਈ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਦੇ ਚੱਲਦਿਆਂ ਅਤੇ ਤਫਤੀਸ਼ ਵਿੱਚ ਵਾਰ-ਵਾਰ ਡੇਰਾ ਸਿਰਸਾ ਦੀ ਸ਼ਮੂਲੀਅਤ ਦਾ ਜ਼ਿਕਰ ਆਉਣ ਕਰਕੇ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਅਦਾਲਤ ਤੋਂ ਆਗਿਆ ਮੰਗੀ ਸੀ, ਜਿਸ ‘ਤੇ ਅਦਾਲਤ ਨੇ ‘ਸਿੱਟ’ ਟੀਮ ਨੂੰ ਅੱਗੇ ਵਧਣ ਲਈ ਲੋੜੀਂਦੀ ਆਗਿਆ ਦੇ ਦਿੱਤੀ ਹੈ.
‘ਸਿੱਟ’ ਮੈਂਬਰ ਆਈ.ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਮੁਤਾਬਕ ਅਦਾਲਤ ਨੇ ਰਾਮ ਰਹੀਮ ਤੋਂ ਪੁੱਛਗਿੱਛ ਦੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਹੁਣ ਟੀਮ ਉਸ ਤੋਂ ਜੇਲ੍ਹ ‘ਚ ਜਾ ਕੇ ਪੁੱਛਗਿੱਛ ਕਰੇਗੀ. ਦੂਜੇ ਪਾਸੇ ‘ਸਿੱਟ’ ਨੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਬਰਾੜ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰਵਾ ਲਈ ਹੈ ਅਤੇ ਆਉਂਦੀ 25 ਮਾਰਚ ਨੂੰ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਵੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਕੋਟਕਪੂਰਾ ਗੋਲ਼ੀਕਾਂਡ ਬਾਰੇ ਵੀ ਪੁੱਛਗਿੱਛ ਕਰੇਗੀ.