Home Faridkot ਡੀ.ਸੀ. ਫਰੀਦਕੋਟ ਵੱਲੋਂ ਸ਼ਹਿਰ ‘ਚ ਸਫਾਈ ਮੁਹਿੰਮ ਦਾ ਆਗਾਜ਼,

ਡੀ.ਸੀ. ਫਰੀਦਕੋਟ ਵੱਲੋਂ ਸ਼ਹਿਰ ‘ਚ ਸਫਾਈ ਮੁਹਿੰਮ ਦਾ ਆਗਾਜ਼,

ਸਫਾਈ ਮੁਹਿੰਮ ਵਿੱਚ ਸ਼ਹਿਰ ਵਾਸੀ ਵੀ ਵੱਧ ਤੋਂ ਵੱਧ ਕਰਨ ਸਹਿਯੋਗ- ਸਿੱਧੂ

281
SHARE

ਫਰੀਦਕੋਟ (ਡਿੰਪੀ ਸੰਧੂ) ਜਿਲ੍ਹਾ ਪ੍ਰਸ਼ਾਸਨ ਵੱਲੋਂ ਇਤਿਹਾਸਕ ਸ਼ਹਿਰ ਫਰੀਦਕੋਟ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਰੱਖਣ ਲਈ ਚਲਾਈ ਗਈ ਸਫਾਈ ਮੁਹਿੰਮ ਵਿੱਚ ਸਮੂਹ ਸਰਕਾਰੀ ਵਿਭਾਗਾਂ ਤੋਂ ਇਲਾਵਾ, ਗੈਰ ਸਰਕਾਰੀ ਸੰਗਠਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਵੀ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋਂ ਅਸੀਂ ਆਪਣੇ ਘਰ ਬਾਹਰ ਤੋਂ ਇਲਾਵਾ ਆਲੇ ਦੁਆਲੇ ਤੇ ਜਨਤਕ ਥਾਵਾਂ ਨੂੰ ਸਾਫ ਸੁੱਥਰਾ ਰੱਖ ਕੇ ਸ਼ਹਿਰ ਨੂੰ ਰਾਜ ਦਾ ਸਭ ਤੋਂ ਸਾਫ ਸੁੱਥਰਾ ਸ਼ਹਿਰ ਬਣਾ ਸਕੀਏ । ਇਹ ਅਪੀਲ ਡਿਪਟੀ ਕਮਿਸ਼ਨਰ ਸ: ਗੁਰਲਵਲੀਨ ਸਿੰਘ ਸਿੱਧੂ ਆਈ.ਏ.ਐਸ. ਨੇ ਇੱਥੋਂ ਦੇ ਦਰਬਾਰ ਗੰਜ ਪਾਰਕ ਵਿਖੇ ਸਫਾਈ ਮੁਹਿੰਮ ਦਾ ਆਗਾਜ਼ ਕਰਦਿਆਂ ਸ਼ਹਿਰ ਵਾਸੀਆਂ ਨਾਲ ਗੱਲ ਬਾਤ ਦੌਰਾਨ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫਰੀਦਕੋਟ ਨੂੰ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਚਰਨ ਛੋਹ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ ।ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਪਵਿੱਤਰ ਤੇ ਇਤਿਹਾਸਕ ਮਹੱਤਤਾ ਵਾਲੇ ਸ਼ਹਿਰ ਨੂੰ ਪੂਰੀ ਤਰ੍ਹਾਂ ਸਾਫ ਸੁੱਥਰਾ ਤੇ ਹਰਿਆ ਭਰਿਆ ਰੱਖੀਏ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਤਾਂ ਹੀ ਕਾਰਗਰ ਸਾਬਤ ਹੋ ਸਕਦੀ ਹੈ ਜੇਕਰ ਸਮਾਜ ਦੇ ਸਾਰੇ ਵਰਗ ਅਤੇ ਆਮ ਲੋਕ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਕੂੜਾ ਕਰਕਟ ਤੋਂ ਖਾਦ ਤਿਆਰ ਕਰਨ ਲਈ ਕੰਪੋਸਟ ਪਿੱਟ ਬਣਾਈਆਂ ਗਈਆਂ ਹਨ ਅਤੇ ਇਸ ਤੋਂ ਇਲਾਵਾ ਨਗਰ ਕੌਂਸਲ ਦੀਆਂ ਰੇਹੜੀਆਂ ਵੱਲੋਂ ਘਰ ਘਰ ਤੋਂ ਕੂੜਾ ਕਰਕਟ ਇਕੱਠਾ ਕਰਕੇ ਇਨ੍ਹਾਂ ਤੋਂ ਦੇਸੀ ਖਾਦ ਤਿਆਰ ਕੀਤੀ ਜਾ ਰਹੀ ਹੈ । ਉਨ੍ਹਾਂ ਨਗਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੂੜਾ ਕਰਕਟ ਗਲੀਆਂ ਬਾਜ਼ਾਰਾਂ ਵਿੱਚ ਨਾ ਸੁੱਟਣ ਸਗੋਂ ਕੁਲੈਕਸ਼ਨ ਕਰਨ ਵਾਲੀਆਂ ਰੇਹੜੀਆਂ ਦੇ ਸਪੁਰੱਦ ਕਰਨ। ਉਨ੍ਹਾਂ ਇਹ ਵੀ ਦੱਸਿਆ ਕਿ ਨਗਰ ਕੌਸਲ ਵੱਲੋਂ ਸਹਿਰ ਦੇ ਵੱਖ ਵੱਖ ਸਥਾਨ ਤੇ ਪਲਾਸਟਿਕ, ਕੂੜਾ ਕਰਕਟ ਅਤੇ ਲੋਹੇ ਆਦਿ ਨੂੰ ਸੁੱਟਣ ਲਈ ਵੱਖ ਵੱਖ ਡਬਟਬਿਨ ਲਗਾਏ ਗਏ ਹਨ ਤੇ ਸ਼ਹਿਰ ਵਾਸੀ ਇਸ ਅਨੁਸਾਰ ਹੀ ਇਨ੍ਹਾਂ ਵਿੱਚ ਕੂੜਾ ਕਰਕਟ ਆਦਿ ਸੁੱਟਣ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖੁਦ ਦਰਬਾਰ ਗੰਜ ਪਾਰਕ ਅਤੇ ਆਲੇ ਦੁਆਲੇ ਦੀ ਸਫਾਈ ਕੀਤੀ ਅਤੇ ਪੂਰੇ ਏਰੀਏ ਵਿਚੋਂ ਸਫਾਈ ਵਰਕਰਾਂ ਦੇ ਨਾਲ ਲਗ ਕੇ ਖੁੱਦ ਵੀ ਕੂੜਾ ਕਰਕਟ ਇਕੱਠਾ ਕੀਤਾ। ਉਨ੍ਹਾਂ ਨਗਰ ਕੌਂਸਲ ਦੇ ਸਮੂਹ ਸਫਾਈ ਸੇਵਕਾਂ, ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਕਾਰਜ ਨੂੰ ਨਿਰੰਤਰ ਜਾਰੀ ਰੱਖਣ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ।ਇਸ ਮੌਕੇ ਵੱਡੀ ਗਿਣਤੀ ਵਿੱਚ ਹਾਜ਼ਰ ਵੱਖ ਵੱਖ ਸੰਸਥਾਵਾਂ ਦੇ ਨੁੰਮਾਇਦਿਆਂ ਨੇ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਹ ਇਸ ਕੰਮ ਵਿੱਚ ਜਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ: ਗੁਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿ) ਮੈਡਮ ਪਰਮਜੀਤ ਕੌਰ, ਐਸ.ਡੀ.ਐਮ. ਸ: ਪਰਮਦੀਪ ਸਿੰਘ, ਸਹਾਇਕ ਕਮਿਸ਼ਨਰ (ਜ) ਅਤੇ ਆਰ.ਟੀ.ਏ. ਸ: ਹਰਦੀਪ ਸਿੰਘ, ਉੱਪ ਜਿਲ੍ਹਾ ਸਿੱਖਿਆ ਅਫਸਰ ਸਕੈਡੰਰੀ ਪ੍ਰਦੀਪ ਦਿਉੜਾ, ਰਾਕੇਸ਼ ਕੰਬੋਜ਼ ਐਮ.ਈ., ਉੱਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ: ਧਰਮਵੀਰ ਸਿੰਘ,, ਕਾਰਜ ਸਾਧਕ ਅਫਸਰ ਨਗਰ ਕੋਂਸਲ ਸ੍ਰੀ ਅੰਮ੍ਰਿਤਪਾਲ, ਸ੍ਰੀ ਅਮਰ ਕੁਮਾਰ ਬਿਨੂ, ਮੁੱਖ ਸੈਨੇਟਰੀ ਇੰਸਪੈਕਟਰ ਦਵਿੰਦਰ ਸਿੰਘ, ਨਗਰ ਸੇਵਾ ਸੁਸਾਇਟੀ ਪ੍ਰਧਾਨ ਸ੍ਰੀ ਪ੍ਰਵੀਨ ਕਾਲਾ, ਸਕੱਤਰ ਦਵਿੰਦਰ ਸਿੰਘ, ਡਾ. ਸੰਜੀਵ ਗੋਇਲ, ਡਾ. ਐਸ.ਪੀ.ਐਸ.ਸੋਢੀ, ਸਮਾਜ ਸੇਵੀ ਰਮੇਸ਼ ਕੁਮਾਰ ਜੈਨ, ਸ੍ਰੀ ਬ੍ਰਹਮਣ ਸਭਾ ਪ੍ਰਧਾਨ ਰਾਕੇਸ਼ ਸ਼ਰਮਾ,ਪ੍ਰਧਾਨ ਸੀਰ ਸੁਸਾਇਟੀ ਕੇਵਲ ਕ੍ਰਿਸ਼ਨ ਕਟਾਰੀਆ, ਪੀ.ਏ. ਮਹਿੰਦਰਪਾਲ ਸਮੇਤ ਵੱਡੀ ਗਿਣਤੀ ਵਿੱਚ ਅਧਿਕਾਰੀ ਤੇ ਸ਼ਹਿਰ ਨਿਵਾਸੀ ਹਾਜ਼ਰ ਸਨ।