Home National ਸ੍ਰੀ ਲੰਕਾ ‘ਚ ਸੱਤਵਾਂ ਲੜੀਵਾਰ ਬੰਬ ਧਮਾਕਾ, ਹੁਣ ਤੱਕ 187 ਲੋਕਾਂ ਦੀ...

ਸ੍ਰੀ ਲੰਕਾ ‘ਚ ਸੱਤਵਾਂ ਲੜੀਵਾਰ ਬੰਬ ਧਮਾਕਾ, ਹੁਣ ਤੱਕ 187 ਲੋਕਾਂ ਦੀ ਮੌਤ

101
SHARE

ਕੋਲੰਬੋ/ਸ੍ਰੀ ਲੰਕਾ (ਏਜੰਸੀਆਂ) ਸ੍ਰੀ ਲੰਕਾ ਵਿੱਚ ਹੋਏ ਲੜੀਵਾਰ ਛੇ ਬੰਬ ਧਮਾਕਿਆਂ ‘ਚ ਹੁਣ ਤੱਕ 187 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ. ਇਸ ਦੌਰਾਨ ਪੁਲਿਸ ਨੇ ਦੇਹੀਵਾਲਾ ਚਿੜੀਆਘਰ ਨੇੜੇ ਸੱਤਵਾਂ ਧਮਾਕਾ ਹੋਣ ਦੀ ਪੁਸ਼ਟੀ ਕੀਤੀ ਹੈ ਜਿਸ ਵਿਚ ਦੋ ਹੋਰ ਵਿਅਕਤੀਆਂ ਦੇ ਮਾਰੇ ਜਾਣ ਅਤੇ ਹੋਰ ਕਈਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ.
ਪਹਿਲਾਂ ਹੋਏ ਛੇ ਬੰਬ ਧਮਾਕੇ ਤਿੰਨ ਚਰਚਾਂ ਅੰਦਰ ਅਤੇ ਤਿੰਨ ਹੋਟਲਾਂ ਅੰਦਰ ਹੋਏ ਹਨ. ਘਟਨਾ ਉਸ ਵੇਲੇ ਵਾਪਰੀ ਹੈ ਜਦੋਂ ਪੂਰੀ ਦੁਨੀਆਂ ਵਿੱਚ ਈਸਾਈਆਂ ਦਾ ਤਿਉਹਰਾ ਈਸਟਰ ਮਨਾਇਆ ਜਾ ਰਿਹਾ ਹੈ ਦੋ ਚਰਚ ਕੋਲੰਬੋ ਦੇ ਬਾਹਰ ਹਨ ਅਤੇ ਇੱਕ ਰਾਜਧਾਨੀ ਦੇ ਅੰਦਰ ਹੈ.

ਜਿਨ੍ਹਾਂ ਹੋਟਲਾ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਹਨ ਸ਼ਾਂਗਰੀਲਾ, ਸੀਨਾਮੋਨ ਗਰਾਂਡ ਅਤੇ ਕਿੰਗਸਬਰੀ. ਕੋਲੰਬੋ ਦੇ ਕੋਚੀਕਾਡੇ ਵਿੱਚ ਸੈਂਟ ਐਂਥਨੀ, ਕੋਲੰਬੋ ਤੋਂ ਬਾਹਰ ਨੇਗੋਂਬੋ ਵਿੱਚ ਸੈਂਟ ਸੇਬੈਸਟੀਅਨ ਚਰਚ ਅਤੇ ਬਾਟੀਕਲੋਵਾ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਗਿਆ.

ਹਮਲਿਆਂ ਤੋਂ ਬਾਅਦ ਕੋਲੰਬੋ ਦੀਆਂ ਸਾਰੀਆਂ ਚਰਚਾਂ ਵਿੱਚ ਪ੍ਰਾਰਥਨਾ ਮੁਅੱਤਲ ਕਰ ਦਿੱਤੀ ਗਈ ਹੈ.
ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ.
ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਨੇ ਕਿਹਾ ਹੈ ਕਿ ਸਾਡੇ ਲੋਕਾਂ ਉੱਤੇ ਕੀਤੇ ਕਾਇਰਾਨਾ ਹਮਲੇ ਦੀ ਮੈਂ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ. ਮੈਂ ਸ੍ਰੀ ਲੰਕਾ ਦੇ ਸਾਰੇ ਲੋਕਾਂ ਨੂੰ ਮੁਸ਼ਕਿਲ ਦੀ ਘੜੀ ਵਿਚ ਇੱਕਜੁੱਟ ਅਤੇ ਮਜ਼ਬੂਤ ਰਹਿਣ ਦੀ ਅਪੀਲ ਕਰਦਾ ਹਾਂ.
ਸ਼੍ਰੀ ਲੰਕਾ ਦੇ ਰੱਖਿਆ ਮੰਤਰੀ ਰੂਵਾਨ ਵਿਜੇਵਾਰਡਨੇ ਨੇ ਕਿਹਾ ਹੈ ਕਿ ਅਸੀ ਦੇਸ ਵਿਚ ਸਰਗਰਮ ਕੱਟੜਪੰਥੀ ਗਰੁੱਪਾਂ ਨੂੰ ਬਖ਼ਸ਼ਾਗੇ ਨਹੀਂ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ. ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਉਹ ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ ਪਰ ਉਨ੍ਹਾਂ ਇਸ ਦਾ ਵਿਸਥਾਰ ਨਹੀਂ ਦਿੱਤਾ.
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਰਾਜਸਥਾਨ ਵਿਚ ਇੱਕ ਚੋਣ ਰੈਲੀ ਦੌਰਾਨ ਇਸ ਨੂੰ ਅੱਤਵਾਦੀ ਹਮਲਾ ਕਹਿੰਦਿਆਂ ਇਸ ਦੀ ਨਿਖੇਧੀ ਕੀਤੀ ਅਤੇ ਸ੍ਰੀ ਲੰਕਾ ਦੇ ਲੋਕਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ.
ਮੋਦੀ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਐਹੋ ਜੇ ਹਿੰਸਕ ਕਾਰਿਆਂ ਦੀ ਸਾਡੇ ਖੇਤਰ ਵਿੱਚ ਕੋਈ ਥਾਂ ਨਹੀਂ ਹੈ. ਅਸੀਂ ਸ਼੍ਰੀਲੰਕਾ ਦੇ ਲੋਕਾਂ ਨਾਲ ਖੜੇ ਹਾਂ. ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਲੋਕਾਂ ਨੂੰ ਵੀ ਅੱਤਵਾਦੀ ਤਾਕਤਾਂ ਤੋਂ ਸੁਚੇਤ ਕੀਤਾ ਅਤੇ ਮੁਲਕ ਦੀ ਸੁਰੱਖਿਆ ਲਈ ਭਾਰਤੀ ਜਨਤਾ ਪਾਰਟੀ ਲਈ ਵੋਟਾਂ ਦੀ ਅਪੀਲ ਕੀਤੀ.


ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਭਾਰਤ ਹਮੇਸ਼ਾਂ ਹੀ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ.ਅਸੀਂ ਧਮਾਕਿਆਂ ਦੇ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਸ੍ਰੀ ਲੰਕਾ ਸਰਕਾਰ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ.


ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ.


ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਟਵੀਟ ਕਰਦਿਆਂ ਇਸ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ.


ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੇ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਰਤੀ ਕਿਸੇ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ- +94777902082 +94772234176