Home Faridkot ‘ਆਪ’ ਦੇ ਫ਼ਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਪ੍ਰੋ: ਸਾਧੂ ਸਿੰਘ ਵੱਲੋਂ ਨਾਮਜ਼ਦਗੀ...

‘ਆਪ’ ਦੇ ਫ਼ਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਪ੍ਰੋ: ਸਾਧੂ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ,

ਦੇਰੀ ਨਾਲ ਫਰੀਦਕੋਟ ਪਹੁੰਚੇ ਭਗਵੰਤ ਮਾਨ ਵੱਲੋਂ ਵਿਰੋਧੀਆਂ ਤੇ ਤਿੱਖੇ ਹਮਲੇ

165
SHARE

ਫ਼ਰੀਦਕੋਟ (ਬਿਊਰੋ) ਅੱਜ ‘ਆਪ’ ਪਾਰਟੀ ਦੇ ਫ਼ਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਪ੍ਰੋ: ਸਾਧੂ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ. ਪਾਰਟੀ ਪ੍ਰਧਾਨ ਭਗਵੰਤ ਮਾਨ ਨੇ ਉਨ੍ਹਾਂ ਦੇ ਨਾਮਜਦਗੀ ਪੱਤਰ ਭਰਵਾਉਣ ਪਹੁੰਚਣਾ ਸੀ ਪਰ ਉਨ੍ਹਾਂ ਦੇ ਪਹੁੰਚਣ ‘ਚ ਦੇਰੀ ਹੋਣ ਕਰਕੇ ਉਨ੍ਹਾਂ ਨੂੰ ਇਕੱਲਿਆਂ ਹੀ ਪਰਚੇ ਦਾਖਿਲ ਕਰਨੇ ਪਏ. ਇਥੇ ਇਹ ਜਿਕਰਯੋਗ ਹੈ ਕਿ ਪ੍ਰੋ:ਸਾਧੂ ਸਿੰਘ ਲੰਘੇ ਸ਼ੁੱਕਰਵਾਰ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ ਸਨ ਪਰ ਕਾਗਜ਼ਾਤਾਂ ਵਿੱਚ ਕਮੀ ਕਾਰਨ ਉਹ ਸਫਲ ਨਹੀਂ ਹੋ ਸਕੇ ਸਨ ਪਰ ਅੱਜ ਪ੍ਰੋ: ਸਾਧੂ ਸਿੰਘ ਨੇ ਕੋਈ ਖਤਰਾ ਮੁੱਲ ਨਾਂ ਲੈਂਦਿਆਂ ਆਪਣੇ ਨਾਮਜ਼ਦਗੀ ਪੱਤਰਾਂ ਦੇ ਨਾਲ-ਨਾਲ ਆਪਣੇ ਪੁੱਤਰ ਰਾਜਪਾਲ ਸਿੰਘ ਦੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਹਨ.
ਇਸ ਤੋਂ ਬਾਅਦ ਫਰੀਦਕੋਟ ਪਹੁੰਚੇ ਭਗਵੰਤ ਮਾਨ ਨੇ ਪ੍ਰੋ. ਸਾਧੂ ਸਿੰਘ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀਆਂ ‘ਤੇ ਖ਼ੂਬ ਸਿਆਸੀ ਹਮਲੇ ਕੀਤੇ. ਉਨ੍ਹਾਂ ਵਿਰੋਧੀਆਂ ਉੱਤੇ ‘ਆਪ’ ਵਿਧਾਇਕਾਂ ਦੀ ਖਰੀਦੋ ਫਰੋਖ਼ਤ ਦੇ ਦੋਸ਼ ਲਾਉਦਿਆਂ ਕਿਹਾ ਕਿ ਪੰਜਾਬ ਵਿੱਚ ‘ਆਪ’ ਨੂੰ ਜੋ ਪਿਆਰ ਮਿਲ ਰਿਹਾ ਹੈ, ਉਸ ਤੋਂ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ. ਉਨ੍ਹਾਂ ਖ਼ੁਦਮੁਖ਼ਤਿਆਰੀ ਦੀ ਘਾਟ ਕਰਕੇ ‘ਆਪ’ ਤੋਂ ਦੂਰ ਹੋਣ ਵਾਲੇ ਖਹਿਰਾ ਧੜ੍ਹੇ ਦੇ ਵਿਧਾਇਕਾਂ ‘ਤੇ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ਦੀ ‘ਆਪ’ ਤਾਂ ਆਪਣੇ ਫੈਸਲੇ ਲੈ ਰਹੀ ਹੈ ਪਰ ਹੁਣ ਕੀ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਪੰਜਾਬ ਆ ਕੇ ਮਾਨਸ਼ਾਹੀਆ ਨਾਲ ਮੀਟਿੰਗ ਕਰ ਫੈਸਲੇ ਲੈਣਗੇ ? ਉਨ੍ਹਾਂ ਇਹ ਵੀ ਕਿਹਾ ਕਿ ‘ਸਿੱਟ’ ਨੇ ਗੋਲ਼ੀ ਚਲਾਉਣ ਦੇ ਹੁਕਮ ਦੇਣ ਵਾਲਿਆਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਪਰ ਸਾਰਿਆਂ ਨੂੰ ਪਤਾ ਹੈ ਕਿ ਗੋਲ਼ੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ? ਸਿਰਫ ਕੈਪਟਨ ਨੂੰ ਹੀ ਨਹੀਂ ਪਤਾ !