Home Punjab ਫ਼ਿਰੋਜਪੁਰ ਦੀ ਲੋਕ ਸਭਾ ਸੀਟ ਦਾ ਸਿਆਸੀ ਵਿਸ਼ਲੇਸ਼ਣ, ਕੀ ਹਨ ਲੋਕਾਂ ਦੇ...

ਫ਼ਿਰੋਜਪੁਰ ਦੀ ਲੋਕ ਸਭਾ ਸੀਟ ਦਾ ਸਿਆਸੀ ਵਿਸ਼ਲੇਸ਼ਣ, ਕੀ ਹਨ ਲੋਕਾਂ ਦੇ ਮੁੱਦੇ –?

ਲੋਕਾਂ ਮੁਤਾਬਕ ਪਿੰਡਾਂ ਵਿੱਚ ਨਸ਼ਾ ਆਮ ਹੈ ਅਤੇ ਕੋਈ ਰੋਕ-ਟੋਕ ਨਹੀਂ ਹੈ, ਹੁਣ ਤਾਂ ਲੀਡਰਾਂ ਦੇ ਵਾਅਦਿਆਂ ਉੱਤੇ ਵੀ ਕੋਈ ਯਕੀਨ ਨਹੀਂ ਰਿਹਾ

28
SHARE

BB1INDIA ਬਿਊਰੋ ਰਿਪੋਰਟ
ਫ਼ਿਰੋਜਪੁਰ ਸੀਟ ਕਾਫ਼ੀ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਕਬਜ਼ੇ ਵਿੱਚ ਚੱਲੀ ਆ ਰਹੀ ਹੈ. ਇਥੋਂ ਪਹਿਲਾਂ ਜੋਰਾ ਸਿੰਘ ਮਾਨ ਅਤੇ ਉਸ ਤੋਂ ਬਾਅਦ ਪਿਛਲੇ ਦਸ ਸਾਲਾਂ ਤੋਂ ਸ਼ੇਰ ਸਿੰਘ ਘੁਬਾਇਆ ਇੱਥੋਂ ਅਕਾਲੀ ਸੀਟ ਤੇ ਜਿੱਤਦੇ ਰਹੇ ਹਨ. ਇਸ ਲੋਕ ਸਭਾ ਸੀਟ ਵਿੱਚ ਨੌਂ ਵਿਧਾਨ ਸਭਾ ਹਲਕੇ ਫ਼ਿਰੋਜਪੁਰ ਸ਼ਹਿਰੀ, ਫ਼ਿਰੋਜ਼ਪੁਰ ਦਿਹਾਤੀ, ਗੁਰੂਹਰਸਹਾਏ, ਫ਼ਾਜ਼ਿਲਕਾ, ਬੱਲੂਆਣਾ, ਮਲੋਟ, ਜਲਾਲਾਬਾਦ, ਸ਼੍ਰੀ ਮੁਕਤਸਰ ਸਾਹਿਬ ਅਤੇ ਅਬੋਹਰ ਪੈਂਦੇ ਹਨ. ਲੰਘੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਤਿੰਨ ਹਲਕਿਆਂ ਸ਼੍ਰੀ ਮੁਕਤਸਰ ਸਾਹਿਬ, ਜਲਾਲਾਬਾਦ ਅਤੇ ਅਬੋਹਰ ਤੇ ਅਕਾਲੀ ਦਲ ਕਾਬਜ਼ ਹੋਇਆ ਸੀ ਜਦਕਿ ਬਾਕੀ ਛੇ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਸਨ. ਆਓ ਹੁਣ ਚਰਚਾ ਕਰਦੇ ਹਾਂ ਵੱਖ-ਵੱਖ ਪਾਰਟੀਆਂ ਦੇ ਮੁੱਖ ਉਮੀਦਵਾਰਾਂ ਦੀ ਸਥਿਤੀ ਬਾਰੇ-
ਸ਼ੇਰ ਸਿੰਘ ਘੁਬਾਇਆ- ਸ਼ੇਰ ਸਿੰਘ ਘੁਬਾਇਆ ਫ਼ਿਰੋਜਪੁਰ ਤੋਂ ਪਿਛਲੇ ਦਸ ਸਾਲਾਂ ਤੋਂ ਅਕਾਲੀ ਸੀਟ ਤੇ ਜਿੱਤਦੇ ਆ ਰਹੇ ਹਨ ਪਰ ਇਸ ਵਾਰ ਉਹ ਅਕਾਲੀ ਦਲ ਦੀ ਥਾਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੇ ਹਨ. ਸ਼ੇਰ ਸਿੰਘ ਘੁਬਾਇਆ ਹੁਣ ਕਾਂਗਰਸੀ ਬਣ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਉਸਦੀ ਪੁਰਾਣੀ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੈ. ਸ਼ੇਰ ਸਿੰਘ ਘੁਬਾਇਆ ਵੱਲੋਂ ਫ਼ਾਜ਼ਿਲਕਾ ਦੇ ਇੱਕ ਮੈਰਿਜ ਪੈਲੇਸ ਵਿਚ ਚੋਣ ਰੈਲੀ ਰੱਖੀ ਗਈ ਸੀ ਜਿਸ ਨੂੰ ਸੰਬੋਧਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਉਣਾ ਸੀ ਖੁੱਲ੍ਹੇ ਮੈਦਾਨ ਵਿਚ ਟੈਂਟ ਲੱਗੇ ਹਨ ਅਤੇ ਗਰਮੀ ਦੇ ਬਾਵਜੂਦ ਨੇੜਲੇ ਪਿੰਡਾਂ ਦੇ ਲੋਕਾਂ ਦਾ ਭਰਵਾਂ ਇਕੱਠ ਸੀ. ਕਰੀਬ ਚਾਰ ਵਜੇ ਕੈਪਟਨ ਅਮਰਿੰਦਰ ਸਿੰਘ ਮੰਚ ਉੱਤੇ ਆਉਂਦੇ ਹਨ, ਆਪਣੇ ਭਾਸ਼ਣ ਦੌਰਾਨ ਸਿੱਧਾ ਹਮਲਾ ਬਾਦਲ ਪ੍ਰੀਵਾਰ ਉੱਤੇ ਕਰਦੇ ਹਨ ਅਤੇ ਫਿਰ ਕਿਸਾਨੀ ਦੀ ਗੱਲ ਕਰਦਿਆਂ ਆਖਦੇ ਹਨ “ਸਰਕਾਰ ਕਿਸਾਨਾਂ ਦੀ ਹਾਲਤ ਸੁਧਾਰਨ ਲਈ ਯਤਨਸ਼ੀਲ ਹੈ ਅਤੇ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਗਿਆ ਹੈ, ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੀ ਥਾਂ ਬਦਲਵੀਂ ਖੇਤੀ ਕਰਨੀ ਚਾਹੀਦੀ ਹੈ.”
ਕਰੀਬ 20 ਮਿੰਟਾਂ ਦੇ ਆਪਣੇ ਭਾਸ਼ਣ ਦੌਰਾਨ ਕੈਪਟਨ ਜ਼ਿਆਦਾਤਰ ਬਾਦਲ ਪ੍ਰੀਵਾਰ ਉੱਤੇ ਨਿਸ਼ਾਨੇ ਲਾਉਂਦੇ ਹਨ ਅਤੇ ਫਿਰ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕਰਦੇ ਹਨ. ਕੈਪਟਨ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਟੈਲੀਫ਼ੋਨ ਦੇਣ ਦੀ ਗੱਲ ਵੀ ਕਰਦੇ ਹਨ. ਘੁਬਾਇਆ ਪਿਛਲੇ ਸਮੇਂ ਸੁਖਬੀਰ ਲਈ ਜਲਾਲਾਬਾਦ ਸੀਟ ਖਾਲ੍ਹੀ ਕਰਨ ਨੂੰ ਆਪਣੀ ਗਲਤੀ ਮੰਨਦੇ ਹਨ.
ਸੁਖਬੀਰ ਸਿੰਘ ਬਾਦਲ- ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਵਿਧਾਇਕ ਹਨ ਅਤੇ ਉਹ ਇਸ ਵਾਰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਚੋਣ ਲੜ੍ਹ ਰਹੇ ਹਨ. ਲੱਗਭੱਗ 15 ਸਾਲਾਂ ਬਾਅਦ ਸੁਖਬੀਰ ਸਿੰਘ ਬਾਦਲ ਇਸ ਸੀਟ ਰਾਹੀਂ ਕੇਂਦਰ ਦੀ ਸਿਆਸਤ ਵਿਚ ਰੀ-ਐਂਟਰੀ ਕਰਨ ਦੀ ਕੋਸ਼ਿਸ਼ ‘ਚ ਹਨ. ਸੁਖਬੀਰ ਸਿੰਘ ਬਾਦਲ ਨੇ ਕੁਝ ਦਿਨ ਆਪਣੇ ਹਲਕੇ ਵਿਚ ਚੋਣ ਰੈਲੀਆਂ ਕੀਤੀਆਂ ਹਨ ਅਤੇ ਹੁਣ ਸੂਬੇ ਦੀਆਂ ਦੂਜੀਆਂ ਸੀਟਾਂ ‘ਤੇ ਚੋਣ ਰੈਲੀਆਂ ਕਰ ਰਹੇ ਹਨ ਅਜਿਹੇ ਵਿਚ ਉਨ੍ਹਾਂ ਦਾ ਚੋਣ ਪ੍ਰਚਾਰ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਅਤੇ ਉਨ੍ਹਾਂ ਦੇ ਸਹਾਇਕ ਚਰਨਜੀਤ ਸਿੰਘ ਬਰਾੜ ਦੇਖ ਰਹੇ ਹਨ. ਚਰਨਜੀਤ ਬਰਾੜ ਅਕਾਲੀ ਦਲ ਦਾ ਇਨ੍ਹਾਂ ਚੋਣਾਂ ‘ਚ ਮੁੱਖ ਮੁੱਦਾ ਵਿਕਾਸ ਨੂੰ ਦੱਸਦੇ ਹਨ ਅਤੇ ਇਸੇ ਦਾ ਪ੍ਰਚਾਰ ਉਹ ਲੋਕਾਂ ‘ਚ ਕਰ ਰਹੇ ਹਨ ਅਤੇ ਕਿਉਂਕਿ ਇਸ ਸੀਟ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਖ਼ੁਦ ਚੋਣ ਲੜ ਰਹੇ ਹਨ ਇਸ ਲਈ ਲੋਕਾਂ ਨੂੰ ਇੱਥੇ ਵਿਕਾਸ ਦੀਆਂ ਬਹੁਤ ਉਮੀਦਾਂ ਹਨ. ਬਰਾੜ ਅਨੁਸਾਰ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਵਿਧਾਇਕ ਵਜੋਂ ਜਲਾਲਾਬਾਦ ਦਾ ਵਿਕਾਸ ਕੀਤਾ ਉਸੇ ਤਰ੍ਹਾਂ ਹੁਣ ਪੂਰੇ ਫ਼ਿਰੋਜਪੁਰ ਲੋਕ ਸਭਾ ਹਲਕੇ ਦਾ ਵਿਕਾਸ ਹੋਵੇਗਾ. ਉਨ੍ਹਾਂ ਦਾ ਕਹਿਣਾ ਹੈ ਬੇਸ਼ੱਕ ਫ਼ਿਰੋਜ਼ਪੁਰ ਦਾ ਮੌਜੂਦਾ ਸੰਸਦ ਮੈਂਬਰ ਉਨ੍ਹਾਂ ਦੀ ਪਾਰਟੀ ਦਾ ਸੀ ਪਰ ਉਹ ਪਿਛਲੇ ਦੋ ਸਾਲਾਂ ਤੋਂ ਗੁੱਸੇ ਹੋਣ ਕਰਕੇ ਉਸ ਨੇ ਸੰਸਦ ਵਿੱਚ ਇਲਾਕੇ ਦੀ ਆਵਾਜ਼ ਹੀ ਬੁਲੰਦ ਨਹੀਂ ਕੀਤੀ.
ਇੱਥੋਂ ਦੇ ਲੋਕਾਂ ਮੁਤਾਬਕ ਵਿਕਾਸ, ਬੇਰੁਜ਼ਗਾਰੀ ਅਤੇ ਨਸ਼ਾ ਮੁੱਖ ਮੁੱਦੇ ਹਨ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦੇ ਹੱਲ ਬਾਰੇ ਸੁਣਦੇ ਆ ਰਹੇ ਹਨ ਪਰ ਇਹ ਵਾਅਦਾ ਵਫ਼ਾ ਨਹੀਂ ਹੋ ਸਕੇ. ਇਥੋਂ ਦੇ ਹੋਟਲ ਕਾਰੋਬਾਰੀਆਂ ਅਨੁਸਾਰ ਇਥੇ ਕਾਰੋਬਾਰ ਘਾਟੇ ‘ਚ ਹਨ ਪਰ ਹੁਣ ਸੁਖਬੀਰ ਸਿੰਘ ਬਾਦਲ ਦੇ ਇਸ ਇਲਾਕੇ ਵਿਚ ਚੋਣ ਲੜ੍ਹਨ ਨਾਲ ਇੱਥੇ ਬਾਹਰ ਤੋਂ ਲੋਕਾਂ ਦਾ ਆਉਣਾ ਜ਼ਿਆਦਾ ਹੋ ਗਿਆ ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ਵਿਚ ਵਾਧਾ ਹੋ ਰਿਹਾ ਹੈ. ਲੋਕਾਂ ਅਨੁਸਾਰ ਜੇਕਰ ਸ਼ਹਿਰ ਵਿੱਚ ਕੋਈ ਸਨਅਤ ਹੋਵੇਗੀ ਤਾਂ ਲੋਕ ਬਾਹਰੋਂ ਆਉਣਗੇ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ.
ਲੋਕਾਂ ਅਨੁਸਾਰ ਪਹਿਲਾਂ ਇੱਥੇ ਪੀਜੀਆਈ ਬਣਾਉਣ ਦੀ ਗੱਲ ਚੱਲੀ ਸੀ ਪਰ ਉਹ ਵੀ ਸਿਆਸੀ ਲਾਰਾ ਹੀ ਲੱਗਦਾ ਹੈ. ਇਥੋਂ ਦੇ ਨੌਜਵਾਨਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਘਰ-ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਵਫ਼ਾ ਨਹੀਂ ਹੋਇਆ ਅਤੇ ਨੌਜਵਾਨਾਂ ‘ਚ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ ਉਨ੍ਹਾਂ ਨੇ ਵਿਦੇਸ਼ ਜਾਣ ਲਈ ਆਈਲੈਟਸ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ. ਨੌਜਵਾਨ ਸਮਝਦੇ ਹਨ ਕਿ ਜੁਆਨੀ ਕੋਲ ਕੰਮ ਨਾ ਹੋਣ ਕਾਰਨ ਬੇਰੁਜ਼ਗਾਰੀ ਹੈ ਜਿਸ ਕਰਕੇ ਨੌਜਵਾਨ ਨਸ਼ੇ ਕਰ ਰਹੇ ਹਨ. ਉਨ੍ਹਾਂ ਮੁਤਾਬਕ ਨਸ਼ਾ ਪਿੰਡਾਂ ਵਿਚ ਆਮ ਵਿਕਦਾ ਹੈ ਅਤੇ ਕੋਈ ਰੋਕ-ਟੋਕ ਨਹੀਂ ਹੈ ਅਤੇ ਹੁਣ ਤਾਂ ਲੀਡਰਾਂ ਦੇ ਵਾਅਦਿਆਂ ਉੱਤੇ ਵੀ ਕੋਈ ਯਕੀਨ ਨਹੀਂ ਰਿਹਾ.