Home Punjab ਬਾਦਲਾਂ ਖਿਲਾਫ ਖਤਰਨਾਕ ਲੋਕ-ਰੋਹ, ਹਰਸਿਮਰਤ ਨੂੰ ਕਾਲੀਆਂ ਝੰਡੀਆਂ ਦਿਖਾਉਣ ਤੋਂ ਬਾਅਦ ਹੁਣ...

ਬਾਦਲਾਂ ਖਿਲਾਫ ਖਤਰਨਾਕ ਲੋਕ-ਰੋਹ, ਹਰਸਿਮਰਤ ਨੂੰ ਕਾਲੀਆਂ ਝੰਡੀਆਂ ਦਿਖਾਉਣ ਤੋਂ ਬਾਅਦ ਹੁਣ ਚੱਲੇ ਇੱਟਾਂ-ਰੋੜੇ

ਪਿੰਡ ਮੰਡੀ ਕਲਾਂ ’ਚ ਜਲਸਾ ਕਰਨ ਲਈ ਲਾਉਣਾ ਪਿਆ ਹਰਸਿਮਰਤ ਬਾਦਲ ਨੂੰ ਧਰਨਾ

53
SHARE

ਬਠਿੰਡਾ (ਬਿਊਰੋ) ਜਿਉਂ-ਜਿਉਂ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਤਾਂ ਬਾਦਲਾਂ ਖਿਲਾਫ਼ ਰੋਸ ਪ੍ਰਦਰਸ਼ਨ ਹੋਰ ਵੀ ਤਿੱਖੇ ਹੁੰਦੇ ਜਾ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਖਾਸਕਰ ਬਾਦਲ ਪਰਿਵਾਰ ਖਿਲਾਫ ਲੋਕ ਰੋਹ ਘਟਦਾ ਦਿਖਾਈ ਨਹੀਂ ਦੇ ਰਿਹਾ. ਬਠਿੰਡਾ ਹਲਕੇ ਵਿੱਚ ਜਿਥੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਚੋਣ ਲੜ ਰਹੀ ਹੈ ਅਕਾਲੀ ਦਲ ਨੂੰ ਲੋਕਾਂ ਦੇ ਰੋਸ ਦਾ ਸਭ ਤੋਂ ਵੱਧ ਸਾਹਮਣਾ ਕਰਨਾ ਪੈ ਰਿਹੈ ਇਸ ਲਈ ਬਠਿੰਡਾ ਫਤਹਿ ਕਰਨਾ ਬਾਦਲ ਪਰਿਵਾਰ ਦੇ ਨੱਕ ਦਾ ਸੁਆਲ ਬਣ ਗਿਆ ਹੈ.
ਪਹਿਲਾਂ ਤਾਂ ਸਿਰਫ ਕਾਲੀਆਂ ਝੰਡੀਆਂ ਹੀ ਵਿਖਾਈਆਂ ਜਾਂਦੀਆਂ ਰਹੀਆਂ ਪਰ ਅੱਜ ਇਹ ਰੋਸ ਪ੍ਰਦਰਸ਼ਨ ਹਿੰਸਕ ਹੋਣ ਦੀ ਕਗਾਰ ‘ਤੇ ਪਹੁੰਚ ਗਿਆ ਜਦੋਂ ਹਲਕਾ ਮੌੜ ਦੇ ਪਿੰਡਾਂ ’ਚ ਪਹਿਲੀ ਵਾਰ ਸੰਗਠਤ ਰੂਪ ਵਿੱਚ ਸੰਗਤਾਂ ਵੱਲੋਂ ਹਰਸਿਮਰਤ ਨੂੰ ਪਿੰਡ ਹੀ ਨਾ ਵੜਨ ਦਿੱਤਾ ਅਤੇ ਹਰਸਿਮਰਤ ਬਾਦਲ ਨੂੰ ਚੋਣ ਜਲਸਾ ਕਰਨ ਲਈ ਧਰਨਾ ਲਾਉਣਾ ਪਿਆ. ਇਥੇ ਪਿੰਡ ਮੰਡੀ ਕਲਾਂ ’ਚ ਰੋਸ ਪ੍ਰਦਰਸ਼ਨ ਇੰਨਾ ਤਿੱਖਾ ਹੋ ਗਿਆ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਧਰਨੇ ਤੋਂ ਉੱਠ ਕੇ ਚੋਣ ਜਲਸੇ ਲਈ ਧਰਮਸ਼ਾਲਾ ’ਚ ਪੁੱਜੇ ਤਾਂ ਵਿਰੋਧੀ ਧਿਰ ਨਾਲ ਟਕਰਾਅ ਹੋ ਗਿਆ ਇਸ ਦੌਰਾਨ ਇੱਟਾਂ-ਰੋੜੇ ਚੱਲੇ ਜਿਸ ’ਚ ਪੁਲਿਸ ਮੁਲਾਜ਼ਮ ਦੇ ਸੱਟਾਂ ਲੱਗੀਆਂ ਅਤੇ ਪੁਲਿਸ ਨੂੰ ਦੋਵੇਂ ਧਿਰਾਂ ਨੂੰ ਖਿੰਡਾਉਣ ਲਈ ਹਲਕਾ ਲਾਠੀਚਾਰਜ ਕਰਨਾ ਪਿਆ.
ਬੇਸ਼ੱਕ ਅਕਾਲੀ ਦਲ ਇਸਨੂੰ ਕਾਂਗਰਸ ਦੀ ਸਜ਼ਿਸ਼ ਦੱਸ ਰਿਹੈ ਪਰ ਅਸਲ ‘ਚ ਰੋਸ ਪ੍ਰਦਰਸ਼ਨ ਕਰਨ ਵਾਲੇ ਲੋਕ ਕਾਂਗਰਸ ਤੋਂ ਵੀ ਪੂਰੇ ਔਖੇ ਹਨ ਪਰ ਉਨ੍ਹਾਂ ਨੂੰ ਕਾਂਗਰਸ ਦੀ ਬਜਾਏ ਬਾਦਲ ਪਰਿਵਾਰ ਵੱਡਾ ਦੋਸ਼ੀ ਲੱਗਦਾ ਹੈ ਅਤੇ ਲੋਕਾਂ ਵਿੱਚ ਇਹ ਰੋਹ ਬਾਦਲ ਸਰਕਾਰ ਵੇਲੇ ਵਾਪਰੀਆਂ ਬੇ-ਅਦਬੀ ਦੀਆਂ ਘਟਨਾਵਾਂ ਕਰਕੇ ਹੈ ਜਿਸ ਕਰਕੇ ਹੀ ਅਕਾਲੀ ਦਲ ਦੇ ਕਈ ਟਕਸਾਲੀ ਲੀਡਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ.
ਇਥੇ ਇਹ ਗੱਲ ਵੀ ਅਹਿਮ ਹੈ ਕਿ ਕਾਂਗਰਸ ਸਰਕਾਰ ਦੇ ਦੋ ਸਾਲ ਦੇ ਰਾਜ ਤੋਂ ਪੰਜਾਬ ਦੀ ਜਨਤਾ ਖੁਸ਼ ਨਹੀਂ ਹੈ ਅਤੇ ਲੋਕਾਂ ਕੋਲ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਖਿਲਾਫ ਗੁੱਸਾ ਕੱਢਣ ਦਾ ਵੱਡਾ ਮੌਕਾ ਸੀ ਪਰ ਹੋ ਉਲਟ ਰਿਹੈ ਅਤੇ ਗੱਸਾ ਸ਼੍ਰੋਮਣੀ ਅਕਾਲੀ ਦਲ ਖਿਲਾਫ ਨਿਕਲ ਰਿਹੈ ਕਿਓਂਕਿ ਆਮ ਆਦਮੀ ਪਾਰਟੀ ਅੰਦਰੂਨੀ ਕਲੇਸ਼ ਕਰਕੇ ਬੁਰੀ ਤਰ੍ਹਾਂ ਖਿੰਡ-ਪੁੰਡ ਚੁੱਕੀ ਹੈ ਅਤੇ ਲੋਕਾਂ ਕੋਲ ਕਾਂਗਰਸ ਜਾਂ ਅਕਾਲੀ ਦਲ ਵਿਚੋਂ ਕਿਸੇ ਇੱਕ ਨੂੰ ਚੁਣਨ ਤੋਂ ਇਲਾਵਾ ਕੋਈ ਬਦਲ ਹੀ ਨਹੀਂ ਹੈ.