Home Punjab ਪਿੰਡ ਹਥੋਆ ‘ਚ ਹੋਈ ਬੇ-ਅਦਬੀ ਫੁੱਟਪਾਊ ਸ਼ਕਤੀਆਂ ਵੱਲੋਂ ਸੂਬੇ ਵਿੱਚ ਧਰੁਵੀਕਰਨ ਕਰਨ...

ਪਿੰਡ ਹਥੋਆ ‘ਚ ਹੋਈ ਬੇ-ਅਦਬੀ ਫੁੱਟਪਾਊ ਸ਼ਕਤੀਆਂ ਵੱਲੋਂ ਸੂਬੇ ਵਿੱਚ ਧਰੁਵੀਕਰਨ ਕਰਨ ਦੀ ਕੋਸ਼ਿਸ਼ ਦਾ ਹਿੱਸਾ- ਕੈਪਟਨ ਅਮਰਿੰਦਰ ਸਿੰਘ

ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼

29
SHARE

ਚੰਡੀਗੜ੍ਹ (ਬਿਊਰੋ) ਸੰਗਰੂਰ ਜ਼ਿਲ੍ਹੇ ਦੇ ਪਿੰਡ ਹਥੋਆ ਵਿੱਚ ਹੋਈ ਬੇ-ਅਦਬੀ ਦੀ ਘਟਨਾ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਫੁੱਟਪਾਊ ਸ਼ਕਤੀਆਂ ਵੱਲੋਂ ਸੂਬੇ ਵਿੱਚ ਧਰੁਵੀਕਰਨ ਕਰਨ ਦੀ ਕੋਸ਼ਿਸ਼ ਦੱਸਿਆ ਹੈ. ਕੈਪਟਨ ਨੇ ਕਿਹਾ ਹੈ ਕਿ ਅਜਿਹੇ ਕਾਰੇ ਕਰਨ ਵਾਲਿਆਂ ਨੂੰ ਇਸ ਘਿਨਾਉਣੇ ਕਾਰੇ ਲਈ ਸਖ਼ਤ ਨਤੀਜੇ ਭੁਗਤਣੇ ਪੈਣਗੇ. ਕੈਪਟਨ ਨੇ ਪੁਲਿਸ ਥਾਣਾ ਅਮਰਗੜ੍ਹ ਦੇ ਪਿੰਡ ਹਥੋਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ, ਪਾਲਕੀ ਤੇ ਪੀੜ੍ਹਾਂ, ਰੁਮਾਲੇ ਅਗਨ ਭੇਟ ਕਰਨ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹੈ ਕਿ ਉਹੀ ਸ਼ਕਤੀਆਂ ਲੋਕ ਸਭਾ ਚੋਣਾਂ ਨੂੰ ਜਿੱਤਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕਰ ਰਹੀਆਂ ਹਨ.
ਮੁੱਖ ਮੰਤਰੀ ਨੇ ਕਿਹਾ ਕਿ ਸਿੱਟ ਨੇ ਬਰਗਾੜੀ ਤੇ ਬਹਿਬਲ ਕਲਾਂ ਮਾਮਲਿਆਂ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਸ਼ਿਕੰਜਾ ਕੱਸ਼ ਦਿੱਤਾ ਹੈ ਅਤੇ ਆਉਂਦੇ ਕੁਝ ਦਿਨਾਂ ਵਿਚ ਹੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ‘ਸਿੱਟ’ ਵਿੱਚ ਵਾਪਸ ਆ ਜਾਣਗੇ ਤੇ ਬੇ-ਅਦਬੀ ਦੇ ਮਾਮਲਿਆਂ ਦੇ ਦੋਸ਼ੀਆਂ ਨੂੰ ਨੰਗਾ ਕੀਤਾ ਜਾਵੇਗਾ. ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਆਉਂਦੇ ਦਿਨਾਂ ਦੌਰਾਨ ਹੋਰ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕਣ ਵਾਸਤੇ ਸੂਬੇ ਭਰ ਦੇ ਧਾਰਮਿਕ ਸਥਾਨਾਂ ਦੇ ਦੁਆਲੇ ਪੁਲਿਸ ਨੂੰ ਸਖ਼ਤ ਸੁਰੱਖਿਆ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ.