Home Punjab ਖੰਨਾ ਪਹੁੰਚੇ ਰਾਹੁਲ ਗਾਂਧੀ ਨੇ ਲਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਗੜੇ,...

ਖੰਨਾ ਪਹੁੰਚੇ ਰਾਹੁਲ ਗਾਂਧੀ ਨੇ ਲਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਗੜੇ, ਕਿਹਾ-

ਮੋਦੀ ਸਰਕਾਰ ਨੇ ਸਿਰਫ ਅਮੀਰਾਂ ਨੂੰ ਫਾਇਦਾ ਪਹੁੰਚਾਇਆ

31
SHARE

1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੀ ਟਿੱਪਣੀ ਨੂੰ ਦੱਸਿਆ ਗਲਤ
ਖੰਨਾ (ਬਿਊਰੋ) ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ.ਅਮਰ ਸਿੰਘ ਦੇ ਪ੍ਰਚਾਰ ਲਈ ਖੰਨਾ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 1984 ਦੰਗਿਆਂ ਸਬੰਧੀ ਸੈਮ ਪਿਤ੍ਰੋਦਾ ਦੀ ਟਿੱਪਣੀ ਨੂੰ ਗਲਤ ਦੱਸਿਆ ਹੈ. ਉਨ੍ਹਾਂ ਕਿਹਾ ਕਿ ਪਿਤ੍ਰੋਦਾ ਨੂੰ ਅਜਿਹੀ ਟਿੱਪਣੀ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਉਨ੍ਹਾਂ ਪਿਤ੍ਰੋਦਾ ਨੂੰ ਫੋਨ ਕਰਕੇ ਦੇਸ਼ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ.
ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਅਮੀਰਾਂ ਨੂੰ ਫਾਇਦਾ ਪਹੁੰਚਾਇਆ ਹੈ, ਗ਼ਰੀਬਾਂ ਲਈ ਕੁਝ ਨਹੀਂ ਕੀਤਾ. ਉਨ੍ਹਾਂ ਮੋਦੀ ਉੱਤੇ ਵਰ੍ਹਦਿਆਂ ਕਿਹਾ ਕਿ ਮੋਦੀ ਨੇ ਗ਼ਰੀਬਾਂ ਦੇ ਖ਼ਾਤੇ ਵਿੱਚ 15-15 ਲੱਖ ਰੁਪਏ ਭੇਜਣ ਦਾ ਝੂਠਾ ਵਾਅਦਾ ਕੀਤਾ ਇਸ ਤੋਂ ਇਲਾਵਾ ਮੋਦੀ ਸਰਕਾਰ ਨੇ ਨੋਟਬੰਦੀ ਤੇ ਗੱਬਰ ਸਿੰਘ ਟੈਕਸ ਲਾ ਕੇ ਸਭ ਤੋਂ ਵੱਡੀ ਗਲਤੀ ਕੀਤੀ. ਰਾਹੁਲ ਨੇ ਕਿਹਾ ਕਿ ਜੇ ਨੋਟਬੰਦੀ ਕਾਲੇ ਧਨ ਦੇ ਖਿਲਾਫ ਲੜ੍ਹਾਈ ਸੀ ਤਾਂ ਗਰੀਬ ਲੋਕਾਂ ਨੂੰ ਲਾਈਨਾਂ ਵਿੱਚ ਕਿਉਂ ਲਗਾਇਆ ਗਿਆ.
ਉਨ੍ਹਾਂ ਕਿਹਾ ਕਿ ਮੋਦੀ ਨੇ ਲੱਖਾਂ ਕਰੋੜ ਰੁਪਏ ਅਡਾਨੀ ਤੇ ਅੰਬਾਨੀ ਵਰਗੇ ਕਾਰੋਬਾਰੀਆਂ ਨੂੰ ਦੇ ਦਿੱਤੇ ਪਰ ਕਾਂਗਰਸ ਸਰਕਾਰ ਗਰੀਬਾਂ ਦੇ ਖ਼ਾਤਿਆਂ ਵਿੱਚ ਪੈਸੇ ਪਾਏਗੀ. ਰਾਹੁਲ ਨੇ ਕਿਹਾ ਕਿ ਲੋਕਾਂ ਨੂੰ ਗ਼ਰੀਬੀ ਦੇ ਪੱਧਰ ਤੋਂ ਉੱਚਾ ਚੁੱਕਣ ਲਈ ਉਨ੍ਹਾਂ ਅਰਥਸ਼ਾਸਤਰੀ ਬੁਲਾਏ ਤੇ ਨਿਆਂ ਸਕੀਮ ਬਣਾਈ ਹੈ. ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਫੈਸਲਾ ਕੀਤਾ ਹੈ ਕਿ 5 ਕਰੋੜ ਮਹਿਲਾਵਾਂ ਦੇ ਖ਼ਾਤੇ ਵਿੱਚ ਨਿਆਂ ਯੋਜਨਾ ਤਹਿਤ ਲੱਖਾਂ ਕਰੋੜ ਰੁਪਏ ਪਾਏ ਜਾਣਗੇ. ਰਾਹੁਲ ਨੇ ਕਿਹਾ ਕਿ ਪੰਜਾਬ ਹਰੀ ਕ੍ਰਾਂਤੀ ਦਾ ਕੇਂਦਰ ਰਿਹਾ ਹੈ ਅਤੇ ਜਿੱਥੇ ਵੀ ਕਾਂਗਰਸ ਸਰਕਾਰ ਬਣੀ, ਉੱਥੇ ਕਿਸਾਨਾਂ ਦਾ ਕਰਜ਼ਾ ਮੁਆਫ਼ ਹੋਇਆ ਹੈ. ਜੋ ਵਾਅਦਾ ਕੀਤਾ, ਉਸ ਨੂੰ ਪੂਰਾ ਕੀਤਾ ਗਿਆ ਪਰ ਮੋਦੀ ਨੇ ਤਾਂ ਫਸਲਾਂ ਦਾ ਸਹੀ ਮੁੱਲ ਵੀ ਨਾ ਪਾਇਆ.