Home Punjab ਜਿੱਤਣ ਲਈ ਨਹੀਂ, ਹੋਂਦ ਬਚਾਉਣ ਲਈ ਜੱਦੋ-ਜਹਿਦ ਕਰ ਰਿਹੈ ਬਾਦਲ ਪ੍ਰੀਵਾਰ –?

ਜਿੱਤਣ ਲਈ ਨਹੀਂ, ਹੋਂਦ ਬਚਾਉਣ ਲਈ ਜੱਦੋ-ਜਹਿਦ ਕਰ ਰਿਹੈ ਬਾਦਲ ਪ੍ਰੀਵਾਰ –?

35
SHARE

BB1INDIA ਬਿਊਰੋ ਰਿਪੋਰਟ
14 ਦਸੰਬਰ 1920 ਨੂੰ ਸਿੱਖ ਕੌਮ ਦੀ ਸਿਆਸੀ ਅਗਵਾਈ ਕਰਨ ਲਈ ਬਣਿਆ ਸ਼੍ਰੋਮਣੀ ਅਕਾਲੀ ਦਲ 99 ਸਾਲਾਂ ਦੇ ਇਤਿਹਾਸ ਅੱਜ ਇੱਕ ਪਰਿਵਾਰ, ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਐ. ਲਗਾਤਾਰ ਦੋ ਦਹਾਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਰਿਹਾ ਅਕਾਲੀ ਦਲ ਅੱਜ ਆਪਣੀ ਹੋਂਦ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਹੈ. 2012 ਦੀਆਂ ਵਿਧਾਨ ਸਭਾ ਚੋਣਾਂ ‘ਚ 56 ਸੀਟਾਂ ਜਿੱਤਕੇ ਭਾਜਪਾ ਨਾਲ ਸਾਂਝੀ ਸਰਕਾਰ ਬਣਾਉਣ ਵਾਲਾ ਅਕਾਲੀ ਦਲ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਹਿਜ 15 ਸੀਟਾਂ ਉੱਤੇ ਸਿਮਟ ਕੇ ਰਹਿ ਗਿਆ ਅਤੇ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਬਣ ਸਕਿਆ. ਇੰਨਾ ਹੀ ਨਹੀਂ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸਿਰਫ ਤਿੰਨ ਸੀਟਾਂ ‘ਤੇ ਲੁੜਕ ਗਿਆ ਅਕਾਲੀ ਦਲ ਅੱਜ ਆਪਣੀ ਹੋਂਦ ਬਚਾਉਣ ਲਈ ਲੜ੍ਹ ਰਿਹਾ ਹੈ.
ਅੱਜ ਸੁਖਬੀਰ ਬਾਦਲ ਵੱਡਾ ਜੋਖਮ ਉਠਾ ਕੇ ਪਾਰਟੀ ਨੂੰ ਪੈਰ੍ਹਾਂ ਸਿਰ ਕਰਨ ਦੀ ਰਣਨੀਤੀ ਤੇ ਚੱਲ ਰਹੇ ਹਨ ਜਿਸ ਕਰਕੇ ਪਾਰਟੀ ਨੇ ਬਠਿੰਡਾ ਤੋਂ ਹਰਸਿਮਰਤ ਕੌਰ, ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਵਰਗੇ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਕੀ ਹਨ ਉਹ ਮੁੱਦੇ ਜੋ ਅਕਾਲੀ ਦਲ ਦੇ ਰਾਹ ਵਿੱਚ ਰੋੜਾ ਬਣ ਰਹੇ ਹਨ- ਪਹਿਲਾ ਵੱਡਾ ਮੁੱਦਾ ਬਾਦਲ ਪਰਿਵਾਰ ਖ਼ਿਲਾਫ਼ ਹਵਾ ਦਾ ਰੁਖ਼ ਸਮਝਿਆ ਜਾ ਰਿਹੈ ਜਿਹੜਾ ਪੰਜਾਬ ‘ਚ ਲਗਾਤਾਰ 10 ਸਾਲ ਸੱਤਾ ਉੱਤੇ ਕਾਬਜ਼ ਰਹਿਣ ਦੌਰਾਨ ਬਾਦਲ ਪਰਿਵਾਰ ਦੇ ਕਈ ਮੈਂਬਰਾਂ ਦਾ ਸਰਕਾਰ ਦੇ ਅਹਿਮ ਮੰਤਰਾਲਿਆਂ ਅਤੇ ਪਾਰਟੀ ਉੱਤੇ ਕਾਬਜ਼ ਰਹਿਣ ਦੌਰਾਨ ਵਾਪਰਿਆ ਕਿਓਂਕਿ ਇਸ ਸਮੇਂ ਦੌਰਾਨ ਜੋ ਗਲਤ ਹੋਇਆ ਉਸ ਦਾ ਜ਼ਿੰਮਾ ਅਕਾਲੀ ਦਲ ਦੀ ਬਜਾਇ ਸਿਰਫ ਬਾਦਲ ਪਰਿਵਾਰ ਦੇ ਸਿਰ ਮੜ੍ਹਿਆ ਗਿਆ. ਅਕਾਲੀ ਸਰਕਾਰ ਦੌਰਾਨ ਸ਼ਰਾਬ, ਰੇਤਾ-ਬਜਰੀ, ਟਰਾਂਸਪੋਰਟ ਅਤੇ ਕੇਬਲ ਮਾਫ਼ੀਆ ਦਾ ਪੂਰਾ ਕਲੰਕ ਬਾਦਲ ਪਰਿਵਾਰ ਦੇ ਮੱਥੇ ਲੱਗਿਆ ਅਤੇ ਸੂਬੇ ਵਿੱਚ ਸੱਤਾ ਵਿਰੋਧੀ ਲਹਿਰ ਅਕਾਲੀ ਦਲ ਤੋਂ ਵੱਧ ਬਾਦਲ ਪਰਿਵਾਰ ਖ਼ਿਲਾਫ਼ ਖੜ੍ਹੀ ਹੋਈ.

ਦੂਜਾ ਮੁੱਦਾ ਜਿਸਨੇ ਬਾਦਲ ਪ੍ਰੀਵਾਰ ਦਾ ਸਭ ਤੋਂ ਵੱਧ ਨੈਤਿਕ ਨੁਕਸਾਨ ਕੀਤਾ ਉਹ ਸੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬਰਗਾੜੀ ਗੋਲੀਕਾਂਡ ਦੇ ਇਲਜ਼ਾਮ ਜਿਸ ਨੇ ਬਾਦਲ ਪ੍ਰੀਵਾਰ ਦਾ ਸੜ੍ਹਕਾਂ ਤੇ ਨਿਕਲਣਾ ਔਖਾ ਕੀਤਾ ਹੋਇਆ ਹੈ ਕਿਓਕਿ ਬੇਅਦਬੀ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣ ਦਾ ਇਲਜ਼ਾਮ ਅਕਾਲੀ ਦਲ ਦਾ ਖਹਿੜਾ ਨਹੀਂ ਛੱਡ ਰਿਹਾ.

ਇਸ ਤੋਂ ਇਲਾਵਾ ਸੁਖਬੀਰ ਬਾਦਲ ਦੇ ਰਿਸ਼ਤੇਦਾਰ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਸਿਆਸੀ ਵਿਰੋਧੀਆਂ ਵਲੋਂ ਨਸ਼ਾ ਤਸਕਰਾਂ ਦੀ ਪੁਸ਼ਤ-ਪਨਾਹੀ ਦੇ ਇਲਜ਼ਾਮ ਲਾਉਣਾ ਵੀ ਪੰਜਾਬ ‘ਚ ਵੱਡਾ ਮੁੱਦਾ ਬਣਿਆ ਹੋਇਆ ਹੈ.

ਤੀਜਾ ਮੁੱਦਾ ਹੈ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੁਆਉਣਾ ਤੇ ਬਾਅਦ ਵਿੱਚ ਉਸ ਮੁਆਫੀ ਨੂੰ ਵਾਪਸ ਲੈਣਾ.

ਬਾਦਲ ਪ੍ਰੀਵਾਰ ਵਲੋਂ ਤਖ਼ਤਾਂ ਦੇ ਜਥੇਦਾਰਾਂ ਤੋਂ ਆਪਣੇ ਸਿਆਸੀ ਏਜੰਡੇ ਮੁਤਾਬਕ ਕੰਮ ਕਰਵਾਉਣੇ, ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਦਾ ਸਿਆਸੀਕਰਨ, ਜਿਨ੍ਹਾਂ ਇਲਜ਼ਾਮਾਂ ਦਾ ਮੁੱਲ ਅੱਜ ਅਕਾਲੀ ਦਲ ਨੂੰ ਤਾਰਨਾ ਪੈ ਰਿਹੈ. ਬੇਸ਼ੱਕ ਪਿਛਲੇ ਦਿਨੀਂ ਅਕਾਲੀ ਦਲ ਦੀ ਲੀਡਰਸ਼ਿਪ ਬਿਨਾਂ ਸੱਦਿਆਂ ਸ਼੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਪੰਥ ਤੋਂ ਜਬਰੀ ਭੁੱਲਾਂ ਬਖ਼ਸ਼ਾ ਚੁੱਕੀ ਹੈ ਪਰ ਪੰਥ ਵੱਲੋਂ ਮੁਆਫੀ ਨਾਂ ਦੇਣ ਕਰਕੇ ਇਹ ਮਸਲਾ ਖ਼ਤਮ ਨਹੀਂ ਹੋਇਆ.

ਚੌਥਾ ਮੁੱਦਾ ਬਾਦਲਾਂ ਦੀ ਲੀਡਰਸ਼ਿਪ ਨੂੰ ਲੈਕੇ ਹੈ ਕਿਓਂਕਿ ਅੱਜ ਕਈ ਟਕਸਾਲੀ ਅਕਾਲੀ ਸੁਖ਼ਬੀਰ ਬਾਦਲ ਦੀ ਲੀਡਰਸ਼ਿਪ ਉੱਤੇ ਸੁਆਲ ਖੜ੍ਹੇ ਕਰ ਰਹੇ ਹਨ ਜਿਨ੍ਹਾਂ ‘ਚ ਮਾਝੇ ਦੇ ਜਰਨੈਲ ਕਹਾਉਂਦੇ ਰਣਜੀਤ ਸਿੰਘ ਬ੍ਰਹਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖ਼ਵਾਂ ਪ੍ਰਾਮੁੱਖ ਹਨ ਜਿਨ੍ਹਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਵੱਖਰਾ ਅਕਾਲੀ ਦਲ ਟਕਸਾਲੀ ਬਣਾ ਲਿਆ ਹੈ.

ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਵਿੱਚ ਮਾਲਵੇ ਦੇ ਸਭ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਪਾਰਟੀ ਛੱਡ ਕੇ ਘਰ ਬੈਠ ਗਏ ਹਨ ਜਿਸ ਨਾਲ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਵੱਡਾ ਸੁਆਲ ਖੜ੍ਹਾ ਹੋ ਗਿਆ ਹੈ.

ਪੰਜਵਾਂ ਮੁੱਦਾ ਅਕਾਲੀ-ਭਾਜਪਾ ਦੇ ਰਿਸ਼ਤੇ ਨੂੰ ਲੈਕੇ ਹੈ ਕਿਓਂਕਿ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵੀ ਤੇ ਰਾਸ਼ਟਰਵਾਦੀ ਏਜੰਡੇ ਦਾ ਪੰਜਾਬ ਵਿੱਚ ਪੂਰੇ ਮੁਲਕ ਤੋਂ ਵੱਖਰੀ ਕਿਸਮ ਦਾ ਅਸਰ ਹੁੰਦਾ ਹੈ ਅਤੇ ਕਿਓਂਕਿ ਦੇਸ ਵਿੱਚ ਨਰਿੰਦਰ ਮੋਦੀ ਸਰਕਾਰ ਉੱਤੇ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣ ਅਤੇ ਫਿਰਕਾਪ੍ਰਸਤੀ ਦੇ ਇਲਜ਼ਾਮ ਲੱਗਦੇ ਰਹੇ ਹਨ ਜਿਸ ਕਰਕੇ ਪੂਰੇ ਦੇਸ਼ ਵਿੱਚ ਮੋਦੀ ਲਹਿਰ ਹੋਣ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਦਾ ਵੋਟ ਸ਼ੇਅਰ ਲਗਾਤਾਰ ਹੇਠਾਂ ਆ ਰਿਹਾ ਹੈ ਇਸ ਲਈ ਨਰਿੰਦਰ ਮੋਦੀ ਤੇ ਭਾਜਪਾ ਦਾ ਪੰਜਾਬ ਵਿੱਚ ਜੋ ਪ੍ਰਭਾਵ ਬਣਦਾ ਹੈ, ਉਸ ਦਾ ਅਸਰ ਅਕਾਲੀ ਦਲ ਉੱਤੇ ਵੀ ਪੈਂਦਾ ਹੈ.

ਬੇਸ਼ੱਕ ਹੁਣ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਤਾਰ ਕੇ ਵੱਡਾ ਜੋਖ਼ਮ ਲੈ ਰਹੇ ਹਨ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਬਾਦਲ ਪ੍ਰੀਵਾਰ ਇਸ ਰਣਨੀਤੀ ਤਹਿਤ ਆਪਣਾ ਖੁੱਸਿਆ ਵਕਾਰ ਬਹਾਲ ਕਰ ਸਕੇਗਾ ਜਾਂ ਨਹੀਂ ?