Home Punjab ਮੁੱਖ ਮੁਲਜਿਮ ਦੀ ਗ੍ਰਿਫਤਾਰੀ ਨਾਲ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਜਸਪਾਲ ਦੇ ਪ੍ਰੀਵਾਰ...

ਮੁੱਖ ਮੁਲਜਿਮ ਦੀ ਗ੍ਰਿਫਤਾਰੀ ਨਾਲ ਪੁਲਿਸ ਕਾਰਵਾਈ ਤੋਂ ਸੰਤੁਸ਼ਟ ਜਸਪਾਲ ਦੇ ਪ੍ਰੀਵਾਰ ਵੱਲੋਂ ਧਰਨਾ ਖਤਮ,

ਐਕਸ਼ਨ ਕਮੇਟੀ ਵੱਲੋਂ ਸਮਝੌਤੇ 'ਚ ਹਾਮੀਂ ਨਾਂ ਭਰਨ ਕਰਕੇ ਖੱਜਲ ਖੁਆਰ ਹੋ ਰਿਹਾ ਸੀ ਮ੍ਰਿਤਕ ਜਸਪਾਲ ਦਾ ਪ੍ਰੀਵਾਰ

125
SHARE

ਫ਼ਰੀਦਕੋਟ (ਬਿਊਰੋ) ਬੀਤੀ 18 ਮਈ ਨੂੰ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੇ ਪ੍ਰੀਵਾਰ ਵੱਲੋਂ ਲਗਾਤਾਰ ਜਾਰੀ ਧਰਨਾ ਆਖਿਰ ਖ਼ਤਮ ਹੋ ਗਿਆ ਹੈ. ਇਥੇ ਇਹ ਜਿਕਰਯੋਗ ਹੈ ਕਿ ਜਸਪਾਲ ਦੇ ਪ੍ਰੀਵਾਰ ਨੂੰ ਨਿਆਂ ਦਿਵਾਉਣ ਦੇ ਨਾਂ ਤੇ ਬਣੀ ਐਕਸ਼ਨ ਕਮੇਟੀ ਅਤੇ ਹੋਰ ਸਹਿਯੋਗੀ ਜਥੇਬੰਦੀਆਂ ਵੱਲੋਂ ਲਗਾਤਾਰ ਪ੍ਰੀਵਾਰ ਉੱਤੇ ਧਰਨਾ ਜਾਰੀ ਰੱਖਨ ਲਈ ਦਬਾਅ ਬਣਾਇਆ ਹੋਇਆ ਸੀ ਜਿਸ ਕਰਕੇ ਸਮਾਜ ਸੇਵੀ ਲੋਕਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰੀਵਾਰ ਵੱਲੋਂ ਧਰਨਾ ਖਤਮ ਕਰਨਾ ਔਖਾ ਹੋਇਆ ਪਿਆ ਸੀ.
ਅੱਜ ਵੀ ਬੇਸ਼ੱਕ ਐਕਸ਼ਨ ਕਮੇਟੀ ਪ੍ਰੀਵਾਰ ਦੇ ਰਾਜੀਨਾਮਾ ਕਰਨ ਤੇ ਰਾਜੀ ਨਹੀਂ ਸੀ ਅਤੇ ਹਾਲਾਂਕਿ ਜਸਪਾਲ ਦੀ ਲਾਸ਼ ਵੀ ਹਾਲੇ ਤੱਕ ਨਹੀਂ ਮਿਲ ਸਕੀ ਪਰ ਜਸਪਾਲ ਮੌਤ ਮਾਮਲੇ ਦੇ ਮੁੱਖ ਮੁਲਜ਼ਮ ਰਣਧੀਰ ਸਿੰਘ ਦੀ ਗ੍ਰਿਫ਼ਤਾਰੀ ਹੋਣ ਮਗਰੋਂ ਪ੍ਰੀਵਾਰ ਵੱਲੋਂ ਪੁਲਿਸ ਕਾਰਵਾਈ ਉੱਤੇ ਸੰਤੁਸ਼ਟ ਹੁੰਦਿਆਂ ਧਰਨਾ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ. ਇਸ ਰਾਜੀਨਾਮੇ ਦੇ ਇਵਜ਼ ਵਿੱਚ ਪ੍ਰਸ਼ਾਸਨ ਵੱਲੋਂ ਜਸਪਾਲ ਦੇ ਪ੍ਰੀਵਾਰ ਨੂੰ ਪੰਜ ਲੱਖ ਦੀ ਮਾਲੀ ਮੱਦਦ ਤੇ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ.
ਜਸਪਾਲ ਲਈ ਇਨਸਾਫ ਦੀ ਮੰਗ ਕਰਨ ਵਾਸਤੇ ਜਿਹੜੀ ਐਕਸ਼ਨ ਕਮੇਟੀ ਬਣੀ ਸੀ ਉਸ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਹਿੱਸਾ ਲਿਆ ਸੀ ਪਰ ਇਸ ਮਾਮਲੇ ‘ਚ ਨਕਾਰਾਤਮਕ ਗੱਲ ਇਹ ਰਹੀ ਕਿ ਧਰਨਿਆਂ ‘ਚ ਰੁਲ ਰਹੇ ਪ੍ਰੀਵਾਰ ਨੂੰ ਇਨਸਾਫ਼ ਦਿਵਾਉਣ ਦੇ ਨਾਂ ਤੇ ਰਾਜਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਜਾਰੀ ਰਹੀ ਅਤੇ ਅਖੀਰ ਤੱਕ ਵੀ ਐਕਸ਼ਨ ਕਮੇਟੀ ਨੇ ਪ੍ਰੀਵਾਰ ਦੇ ਸਮਝੌਤਾ ਕਰਨ ਵਾਲੇ ਫੈਸਲੇ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਪ੍ਰੀਵਾਰ ਦੇ ਨਾਲ ਰਾਜੀਨਾਮੇ ‘ਚ ਸਹਿਮਤੀ ਨਹੀਂ ਦਿੱਤੀ ਅਤੇ ਇਸ ਇਸ ਤਰ੍ਹਾਂ ਸਮਝੌਤਾ ਕਰਨ ਨੂੰ ਪ੍ਰੀਵਾਰ ਦਾ ਨਿੱਜੀ ਫੈਸਲਾ ਦੱਸਿਆ.
ਜਸਪਾਲ ਦੀ ਮੌਤ ਦੇ ਮਾਮਲੇ ਦੀ ਪੜਤਾਲ ਵਾਸਤੇ ਜਿਹੜੀ ਵਿਸ਼ੇਸ਼ ਜਾਂਚ ਟੀਮ ‘ਸਿੱਟ’ ਬਣਾਈ ਗਈ ਸੀ ਉਸਦੇ ਮੈਂਬਰ ਤੇ ਡੀਐਸਪੀ ਫ਼ਰੀਦਕੋਟ ਜਸਤਿੰਦਰ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਪੁਲਿਸ ਕਰਮਚਾਰੀਆਂ ਸਮੇਤ ਕੁੱਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਮੁੱਖ ਮੁਲਜ਼ਮ ਰਣਧੀਰ ਦੀ ਪਤਨੀ ਪਰਵਿੰਦਰ ਕੌਰ ਪਹਿਲਾਂ ਤੋਂ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ.