Home Faridkot 18 ਸਾਲ ਤੋਂ ਘੱਟ ਉਮਰ ਦੇ ਵਹੀਕਲ ਚਲਾਉਣ ਵਾਲੇ ਬੱਚਿਆਂ ਦੇ ਕੀਤੇ...

18 ਸਾਲ ਤੋਂ ਘੱਟ ਉਮਰ ਦੇ ਵਹੀਕਲ ਚਲਾਉਣ ਵਾਲੇ ਬੱਚਿਆਂ ਦੇ ਕੀਤੇ ਜਾਣ ਚਲਾਨ-ਕੁਮਾਰ ਸੌਰਭ ਰਾਜ

ਕਿਹਾ, ਸਕੂਲੀ ਬੱਸਾਂ ਦੀ ਚੈਕਿੰਗ ਰਿਪੋਰਟ 15 ਜੁਲਾਈ ਤੱਕ ਕੀਤੀ ਜਾਵੇ ਪੇਸ਼

158
SHARE

ਫ਼ਰੀਦਕੋਟ (ਬਿਊਰੋ) ਟ੍ਰੈਫ਼ਿਕ ਨਿਯਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਅਤੇ ਸੜਕੀ ਆਵਾਜਾਈ ‘ਚ ਕਮੀ ਲਿਆਉਣ ਵਾਸਤੇ 18 ਸਾਲ ਤੋਂ ਘੱਟ ਉਮਰ ਵਹੀਕਲ ਚਲਾਉਣ ਵਾਲੇ ਬੱਚਿਆਂ ਦੇ ਚਲਾਨ ਕੀਤੇ ਜਾਣ ਤਾਂ ਜੋ ਨਾਬਾਲਗ ਉਮਰੇ ਹੋ ਰਹੇ ਸੜਕੀ ਹਾਦਸਿਆਂ ਤੇ ਠੱਲ੍ਹ ਪਾਈ ਜਾ ਸਕੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ, ਆਈ.ਏ.ਐਸ ਨੇ ਸਕੱਤਰ ਟਰਾਂਸਪੋਰਟ ਅਥਾਰਿਟੀ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੂੰ ਜਿਲ੍ਹਾ ਰੋਡ ਸੇਫ਼ਟੀ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਚਲਾਨ ਹੀ ਨਾ ਕੀਤੇ ਜਾਣ ਸਗੋਂ ਉਨ੍ਹਾਂ ਦੇ ਮਾਪਿਆਂ ਨੂੰ ਵਹੀਕਲ ਨਾ ਦੇਣ ਸਬੰਧੀ ਵੀ ਸੁਚੇਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਵਹੀਕਲ ਤੇ ਸਕੂਲ ਆਉਣ ਵਾਲੇ ਬੱਚਿਆਂ ਤੇ ਵਿਸ਼ੇਸ਼ ਨਿਗ੍ਹਾ ਰੱਖੀ ਜਾਵੇ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਹਫ਼ਤੇ ਦਾ ਸ਼ਡਿਊਲ ਬਣਾ ਕੇ ਸੰਯੁਕਤ ਚੈਕਿੰਗ ਕੀਤੀ ਜਾਵੇ ਅਤੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਆਦੇਸ਼ ਦਿੱਤੇ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ, ਕਿਉਂਕਿ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹੁੰਦੇ ਹਨ ਅਤੇ ਇਸ ਵਿਚ ਕਿਸੇ ਤਰ੍ਹਾਂ ਦੀ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲ ਵਾਲੀਆਂ ਬੱਸਾਂ ਦੀ ਚੈਕਿੰਗ ਰਿਪੋਰਟ 15 ਜੁਲਾਈ ਤੱਕ ਦਫ਼ਤਰ ਵਿਖੇ ਪੁੱਜਦਾ ਕਰਨ। ਉਨ੍ਹਾਂ ਕਿਹਾ ਕਿ ਟਰੈਫਿਕ ਸਮੱਸਿਆ ਇਕ ਆਮ ਨਹੀਂ ਹੈ ਸਗੋਂ ਗੰਭੀਰ ਸਮੱਸਿਆ ਹੈ। ਇਹ ਸਮੱਸਿਆ ਹਰ ਵਿਅਕਤੀ ਨਾਲ ਜੁੜੀ ਹੋਈ ਹੈ। ਉਨ੍ਹਾਂ ਸਮੂੰਹ ਸੰਸਥਾਵਾਂ ਨੂੰ ਵੀ ਇਸ ਸਮੱਸਿਆ ਦੇ ਨਿਪਟਾਰੇ ਲਈ ਆਪਣਾ ਬਣਦਾ ਵਡਮੁੱਲਾ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਸੂਝਵਾਨ ਵਿਅਕਤੀ ਨੂੰ ਟਰੈਫਿਕ ਨਿਯਮਾਂ ਤੇ ਕਾਨੂੰਨ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਸਕੱਤਰ ਟਰਾਂਸਪੋਰਟ ਅਧਿਕਾਰੀ ਸ. ਹਰਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦਾ ਕਿ ਮਹੀਨਾ ਅਪ੍ਰੈਲ ਦੌਰਾਨ 18 ਨਾਬਾਲਗ ਬੱਚਿਆਂ ਦੇ ਵਹੀਕਲ ਚਲਾਉਣ ਵਾਲਿਆਂ ਦੇ ਚਲਾਨ ਕੀਤੇ ਗਏ।
ਇਸ ਮੌਕੇ ਸਮਾਜਸੇਵੀ ਸ਼੍ਰੀ ਪ੍ਰਵੀਨ ਕਾਲਾ ਨੇ ਸੁਝਾਅ ਦਿੱਤਾ ਕਿ ਸ਼ਹਿਰ ਦੇ ਭੀੜਭਾੜ ਵਾਲੇ ਬਜ਼ਾਰਾਂ ਵਿਚ ਟ੍ਰੈਫ਼ਿਕ ਲਾਈਟਾਂ ਲਗਾਈਆਂ ਜਾਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸੀ.ਸੀ.ਟੀ.ਵੀ ਕੈਮਰੇ ਵੀ ਲਗਵਾਏ ਜਾਣ। ਮੀਟਿੰਗ ਤੋਂ ਤੁਰੰਤ ਬਾਅਦ ਸਕੱਤਰ ਰੀਜਨਲ ਟਰਾਂਸਪੋਰਟ ਅਧਿਕਾਰੀ ਸ. ਹਰਦੀਪ ਸਿੰਘ ਵੱਲੋਂ ਪੁਲਿਸ ਟ੍ਰੈਫਿਕ ਟੀਮ ਨਾਲ ਮਿਲਕੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਆਰੰਭ ਦਿੱਤੀ ਗਈ ਜਿਸ ਦੇ ਸਿੱਟੇ ਵਜੋਂ ਵੱਖ ਵੱਖ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ 35 ਵਹੀਕਲਾਂ ਦੇ ਚਲਾਨ ਕੱਟੇ ਗਏ। ਇਸ ਮੌਕੇ ਐਸ.ਡੀ.ਐਮ ਫਰੀਦਕੋਟ ਸ. ਪਰਮਦੀਪ ਸਿੰਘ, ਡੀ.ਐਸ.ਪੀ. ਸ. ਜਸਤਿੰਦਰ ਸਿੰਘ, ਸਹਾਇਕ ਟਰਾਂਸਪੋਰਟ ਅਫ਼ਸਰ ਸ. ਗੁਰਨਾਮ ਸਿੰਘ, ਸਿਟੀ ਟ੍ਰੈਫਿਕ ਇੰਚਾਰਜ-2 ਸ.ਬਲਜੀਤ ਸਿੰਘ, ਡਾ. ਮਨਜੀਤ ਸਿੰਘ, ਐਮ.ਈ. ਰਾਕੇਸ਼ ਕੰਬੋਜ਼ ਤੋਂ ਇਲਾਵਾ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।