Home Punjab ਬਿੱਟੂ ਦਾ ਸ਼ਰਧਾਜ਼ਲੀ ਸਮਾਗਮ ! 2007 ਤੋਂ ਬਾਅਦ ਕਿਸੇ ਜਨਤਕ ਥਾਂ ਉੱਤੇ...

ਬਿੱਟੂ ਦਾ ਸ਼ਰਧਾਜ਼ਲੀ ਸਮਾਗਮ ! 2007 ਤੋਂ ਬਾਅਦ ਕਿਸੇ ਜਨਤਕ ਥਾਂ ਉੱਤੇ ਹੋਇਆ ਡੇਰੇ ਪ੍ਰੇਮੀਆਂ ਦਾ ਸਭ ਤੋਂ ਵੱਡਾ ਇਕੱਠ

ਸਿਆਸੀ ਦਲ ਰਹੇ ਡੇਰਾ ਪ੍ਰੇਮੀਆਂ ਦੇ ਇਕੱਠ ਤੋਂ ਦੂਰ

58
SHARE

ਕੋਟਕਪੂਰਾ (ਬਿਉਰੋ) 29 ਅਪ੍ਰੈਲ 2007 ਨੂੰ ਡੇਰਾ ਸਿਰਸਾ ਮੁਖੀ ਰਾਮ ਰਹੀਮ ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦਾ ਸਵਾਂਗ ਰਚਣ ਤੋਂ ਬਾਅਦ ਪੈਦਾ ਹੋਏ ਹਲਾਤਾਂ ਕਰਕੇ ਡੇਰੇ ਦੀਆਂ ਗਤੀਵਿਧੀਆਂ ਪੰਜਾਬ ਵਿਚ ਨਾਮ ਚਰਚਾ ਘਰਾਂ ਜਾਂ ਡੇਰਾ ਪ੍ਰੇਮੀਆਂ ਦੇ ਨਿੱਜੀ ਘਰਾਂ ਤੱਕ ਸੀਮਤ ਹੋ ਕੇ ਰਹਿ ਗਈਆਂ ਸਨ ਇਥੋਂ ਤੱਕ ਕਿ ਸਿੱਖ ਸੰਗਠਨਾਂ ਵਲੋਂ ਡੇਰਾ ਪ੍ਰੇਮੀਆਂ ਦੇ ਨਿੱਜੀ ਘਰਾਂ ਵਿਚ ਹੋਣ ਵਾਲੇ ਸਮਾਗਮ ਤੱਕ ਰੁਕਵਾ ਦਿੱਤੇ ਸਨ. ਪੰਜਾਬ ਵਿੱਚ ਬੇ-ਅਦਬੀ ਦੀਆਂ ਘਟਾਨਾਵਾਂ ਤੋਂ ਬਾਅਦ ਤਾਂ ਡੇਰੇ ਦੀਆਂ ਜਨਤਕ ਥਾਵਾਂ ਉੱਤੇ ਗਤੀਵਿਧੀਆਂ ਲਗਪਗ ਖਤਮ ਹੀ ਹੋ ਗਈਆਂ ਸਨ ਪਰ ਹੁਣ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਨਾਭਾ ਜੇਲ੍ਹ ਵਿੱਚ ਹੋਏ ਕਤਲ ਨੇ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਇਕੱਠਾਂ ਨੂੰ 12 ਸਾਲ ਬਾਅਦ ਨਾਮ ਚਰਚਾ ਘਰਾਂ ਤੋਂ ਬਾਹਰ ਕੱਢ ਕੇ ਜਨਤਕ ਥਾਂ ਉੱਤੇ ਲੈ ਆਂਦਾ ਹੈ.

ਕੋਟਕਪੁਰਾ ਦੀ ਅਨਾਜ਼ ਮੰਡੀ ਵਿੱਚ ਮਹਿੰਦਰਪਾਲ ‘ਬਿੱਟੂ’ ਦਾ ਸ਼ਰਧਾਜ਼ਲੀ ਸਮਾਗਮ ਵੱਡੇ ਇਕੱਠ ਦੇ ਰੂਪ ਵਿਚ ਕੀਤਾ ਗਿਆ ਜਿਹੜਾ 2007 ਤੋਂ ਬਾਅਦ ਕਿਸੇ ਜਨਤਕ ਥਾਂ ਉੱਤੇ ਹੋਇਆ ਡੇਰੇ ਪ੍ਰੇਮੀਆਂ ਸਭ ਤੋਂ ਵੱਡਾ ਇਕੱਠ ਕਿਹਾ ਜਾ ਸਕਦੈ. ਇਸ ਇਕੱਠ ‘ਚ ਡੇਰਾ ਪ੍ਰੇਮੀਆਂ ਨੇ ਪਹਿਲੀ ਵਾਰ ਬੇਅਦਬੀ ਕਾਂਡ ਉੱਤੇ ਆਪਣਾ ਪੱਖ ਰੱਖਦਿਆਂ ਸੂਬੇ ਦੀਆਂ ਸਿਆਸੀ ਪਾਰਟੀਆਂ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਗਏ. ਇਹ ਪਹਿਲਾ ਮੌਕਾ ਹੈ ਜਦੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇ-ਅਬਦੀ ਬਾਰੇ ਡੇਰਾ ਸੱਚਾ ਸੌਦਾ ਨੇ ਇੰਝ ਖੁੱਲ੍ਹ ਕੇ ਆਪਣਾ ਪੱਖ ਪੇਸ਼ ਕੀਤਾ ਹੋਵੇ. ਕੋਟਕਪੂਰਾ ਦੀ ਅਨਾਜ ਮੰਡੀ ‘ਚ ਮਹਿੰਦਰਪਾਲ ਬਿੱਟੂ ਦੇ ਸ਼ਰਧਾਜਲੀ ਸਮਾਗਮ ਮੌਕੇ ਡੇਰਾ ਪ੍ਰੇਮੀਆਂ ਨੇ ਇਕ ਵੱਡਾ ਇਕੱਠ ਕਰਕੇ ‘ਨਾਮ ਚਰਚਾ’ ਕੀਤੀ. ਭਾਵੇਂ ਇਹ ਸਮਾਗਮ ਪੰਜਾਬ ਪੁਲਿਸ ਤੇ ਨੀਮ ਫੌਜੀ ਦਲਾਂ ਦੀ ਭਾਰੀ ਸੁਰੱਖਿਆ ਹੇਠ ਹੋਇਆ ਪਰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਡੇਰੇ ਦੇ ਇਸ ਇਕੱਠ ਨੂੰ ‘ਸ਼ਕਤੀ ਪ੍ਰਦਰਸ਼ਨ’ ਵਜੋਂ ਵੀ ਮੰਨਿਆ ਜਾ ਰਿਹਾ ਹੈ ਕਿਓਂਕਿ ਇਸ ਇਕੱਠ ‘ਚ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਵੀ ਡੇਰਾ ਪ੍ਰੇਮੀ ਹਾਜ਼ਰ ਸਨ. ਇਸ ਮੌਕੇ ਡੇਰੇ ਦੇ ਪ੍ਰਬੰਧਕਾਂ ਨੇ ਕਿਸੇ ਸਿਆਸੀ ਦਲ ਜਾਂ ਸਰਕਾਰ ਦਾ ਨਾਂ ਲਏ ਬਿਨਾਂ ਕਿਹਾ ਕਿ ਪੰਜਾਬ ਦੀਆਂ ਸਿਆਸੀ ਧਿਰਾਂ ਇੱਕ ਸਾਜਿਸ਼ ਤਹਿਤ ਆਪੋ-ਆਪਣੇ ਸਿਆਸੀ ਮੁਫ਼ਾਦ ਲਈ ਡੇਰਾ ਪ੍ਰੇਮੀਆਂ ਨੂੰ ਕਥਿਤ ਤੌਰ ‘ਤੇ ਝੂਠੇ ਮਾਮਲਿਆਂ ‘ਚ ਫਸਾ ਕੇ ਆਪਣੀਆਂ ਸਿਆਸੀ ‘ਰੋਟੀਆਂ ਸੇਕ’ ਰਹੀਆਂ ਹਨ.
ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਸਰਕਾਰਾਂ ਡੇਰਾ ਪ੍ਰੇਮੀਆਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲੈਣ ਤਾਂ ਹੀ ਚੰਗਾ ਹੈ. ਉਨ੍ਹਾਂ ਕਿਹਾ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਤੋਂ ਬਾਅਦ ਸਿਆਸੀ ਆਗੂਆਂ ਦੇ ਬਿਆਨ ਬਲਦੀ ‘ਤੇ ਤੇਲ ਪਾਉਣ ਵਾਲੇ ਹਨ. ਰਾਮ ਸਿਘ ਨੇ ਇਸ ਮੌਕੇ ਕਿਹਾ ਕਿ ਪੰਜਾਬ ਪਹਿਲਾਂ ਹੀ ਕਾਲੇ ਦੌਰ ਦਾ ਸੰਤਾਪ ਝੱਲ ਚੁੱਕਿਆ ਹੈ ਅਤੇ ਸੂਬੇ ਵਿੱਚ ਸ਼ਰਾਰਤੀਆਂ ਦੀ ਇੱਕ ਬਰਾਬਰ ਸਰਕਾਰ ਚੱਲ ਰਹੀ ਹੈ ਅਜਿਹੇ ਵਿੱਚ ਜਿਹੜੇ ਅਨਸਰ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਖੁਸ਼ੀ ਮਨਾ ਰਹੇ ਹਨ, ਉਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਅੱਗ ਉਨਾਂ ਦੇ ਘਰ ਤੱਕ ਵੀ ਆ ਸਕਦੀ ਹੈ.
ਬੇਅਦਬੀ ਦੇ ਮਾਮਲਿਆਂ ਸਬੰਧੀ ਡੇਰੇ ਦੇ ਪ੍ਰਬੰਧਕਾਂ ਨੇ ਸਫ਼ਾਈ ਪੇਸ਼ ਕਰਕੇ ਡੇਰਾ ਪ੍ਰੇਮੀਆਂ ‘ਤੇ ਲੱਗਿਆ ਧੱਬਾ ਧੋਣ ਲਈ ਆਪਣੇ ਭਾਸ਼ਨਾਂ ‘ਚ ਧਾਰਮਿਕ ਗ੍ਰੰਥਾਂ ਦੇ ਸਤਿਕਾਰ ਦਾ ਵਾਰ-ਵਾਰ ਜ਼ਿਕਰ ਕੀਤਾ. ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਹਰਚਰਨ ਸਿੰਘ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਹਰ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ ਅਜਿਹੇ ਵਿੱਚ ਕੋਈ ਵੀ ਡੇਰਾ ਪ੍ਰੇਮੀ ਮਹਾਨ ਧਾਰਮਿਕ ਗ੍ਰੰਥ ਦੀ ਬੇਅਦਬੀ ਕਿਵੇਂ ਕਰ ਸਕਦਾ ਹੈ. ਉਨ੍ਹਾਂ ਦਾਅਵਾ ਕੀਤਾ ਕਿ ਸਿਆਸੀ ਆਗੂਆਂ ਦੀ ਸਾਜ਼ਿਸ ਦਾ ਸੱਚ ਇੱਕ ਨਾ ਇੱਕ ਦਿਨ ਜ਼ਰੂਰ ਸਾਹਮਣੇ ਆਵੇਗਾ।
ਕੀ ਕਹਿੰਦੇ ਹਨ ਡੇਰਾ ਪ੍ਰੇਮੀਆਂ ਦੇ ਇਕੱਠ ਤੋਂ ਦੂਰ ਰਹਿਣ ਬਾਰੇ ਸਿਆਸੀ ਆਗੂ-
-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੱਖ ਬੁਲਾਰੇ ਡਾ. ਤਾਰਾ ਸਿੰਘ ਸੰਧੂ ਦਾ ਕਹਿਣਾ ਹੈ ਕਿ ਬੇ-ਅਦਬੀ ਦੀਆਂ ਘਟਨਾਵਾਂ ਨਾਲ ਡੇਰਾ ਪ੍ਰੇਮੀਆਂ ਦਾ ਨਾਂ ਜੁੜਣ ਕਰਕੇ ਕੋਈ ਵੀ ਸਿਆਸੀ ਆਗੂ ਅਜਿਹੇ ਸਮਾਗਮ ‘ਚ ਜਾ ਕੇ ਆਪਣਾ ਸਿਆਸੀ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦਾ. ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਉੱਥੇ ਜਾਣਾ ਸਿਆਸੀ ਦਲਾਂ ਲਈ ਇੱਕ ਵੱਡਾ ਰਿਸਕ ਬਣ ਸਕਦਾ ਹੈ.
-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਸਾਜਿਸ਼ ਤਹਿਤ ਅਕਾਲੀ ਦਲ ‘ਤੇ ਬੇਅਦਬੀ ਦੇ ਨਾਜਾਇਜ਼ ਇਲਜ਼ਾਮ ਲਾਏ ਗਏ ਪਰ ਹੁਣ ਹੌਲੀ-ਹੌਲੀ ਹਕੀਕਤ ਸਾਹਮਣੇ ਆ ਰਹੀ ਹੈ. ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮਾਮਲਾ ਕੋਈ ਸਧਾਰਨ ਗੱਲ ਨਹੀਂ ਅਤੇ ਕਿਓਂਕਿ ਅਕਾਲੀ ਦਲ ਦੇ ਹਰ ਵਰਕਰ ਨੇ ਹਮੇਸ਼ਾ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਮੰਨਿਆ ਹੈ ਇਸ ਲਈ ਅਜਿਹੇ ਸਮਾਗਮਾਂ ‘ਚ ਜਾਣ ਦੀ ਤਾਂ ਕੋਈ ਤੁਕ ਨਹੀਂ ਰਹਿ ਜਾਂਦੀ.