Home Punjab ਸੰਗਰੂਰ ‘ਚ ਸਕੂਲ ਵੈਨ ਨੂੰ ਲੱਗੀ ਅੱਗ,

ਸੰਗਰੂਰ ‘ਚ ਸਕੂਲ ਵੈਨ ਨੂੰ ਲੱਗੀ ਅੱਗ,

ਅੱਗ ਲੱਗਣ ਨਾਲ 4 ਸਕੂਲੀ ਬੱਚਿਆਂ ਦੀ ਮੌਤ

4
SHARE

ਸੰਗਰੂਰ (ਬਿਊਰੋ) ਸੰਗਰੂਰ ਦੇ ਲੌਂਗੋਵਾਲ ਵਿੱਚ ਇੱਕ ਸਕੂਲ ਵੈਨ ਨੂੰ ਅਚਾਨਕ ਅੱਗ ਲੱਗਣ ਨਾਲ 4 ਬੱਚਿਆਂ ਦੀ ਜ਼ਿੰਦਾ ਸੜਨ ਕਰਕੇ ਮੌਤ ਹੋ ਗਈ ਹੈ, ਇਨ੍ਹਾਂ ਵਿੱਚ ਦੋ ਮੁੰਡੇ ਤੇ ਦੋ ਕੁੜੀਆਂ ਸ਼ਾਮਲ ਹਨ ਤੇ ਤਿੰਨ ਬੱਚੇ ਇੱਕੋ ਪਰਿਵਾਰ ਦੇ ਹਨ। ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸਿਮਰਨ ਸਕੂਲ ਦੀ ਵੈਨ ਨੇ ਅੱਗ ਫੜ ਲਈ ਅਤੇ ਇਸ ਵਿੱਚ ਕੁੱਲ 12 ਬੱਚੇ ਸਨ, ਜਿਨ੍ਹਾਂ ਵਿੱਚੋਂ 8 ਬੱਚਿਆਂ ਤਾਂ ਸਹੀ ਸਲਾਮਤ ਕੱਢ ਲਿਆ ਗਿਆ ਜਿਸ ਤੋਂ ਬਾਅਦ ਅੱਗ ਵਧ ਗਈ ਅਤੇ ਇਸ ਵਿੱਚ 4 ਬੱਚਿਆਂ ਦੀ ਮੌਤ ਹੋ ਗਈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰਾਂਸਪੋਰਟ ਡਿਪਾਰਟਮੈਂਟ ਮੁਤਾਬਕ ਇਹ ਸਕੂਲ ਵੈਨ ਰੋਡ ‘ਤੇ ਚੱਲਣ ਲਾਇਕ ਨਹੀਂ ਸੀ ਅਤੇ ਇਹ ਸਕੂਲ ਮੈਨੇਜਮੈਂਟ ਵੱਲੋਂ ਹੀ ਬਿਨਾਂ ਕਿਸੇ ਕਾਨੂੰਨੀ ਕਰਾਵਾਈ ਦੇ ਆਪਣੇ ਆਪ ਚਲਾਈ ਜਾ ਰਹੀ ਸੀ। ਇਸ ਬਾਰੇ ਅਸੀਂ ਸੀਐੱਮ ਦਫ਼ਤਰ ਨਾਲ ਵੀ ਗੱਲ ਕਰ ਲਈ ਹੈ, ਹਾਦਸੇ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਗਿਆ।
ਮੌਕੇ ‘ਤੇ ਮੌਜੂਦ ਐੱਸਐੱਸਪੀ ਸੰਦੀਪ ਗਰਗ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਹੈ ਅਤੇ ਜੋ ਵੀ ਕਸੂਰਵਾਰ ਹੈ ਉਸ ਨੂੰ ਛੱਡਿਆ ਨਹੀਂ ਜਾਵੇਗਾ। ਪੁਲਿਸ ਵੱਲੋਂ ਕਾਰਾਵਈ ਸ਼ੁਰੂ ਹੋ ਗਈ ਹੈ, ਰੇਡ ਜਾਰੀ ਹੈ ਅਤੇ ਕਸੂਰਵਾਰਾਂ ਨੂੰ ਫੜ੍ਹ ਲਿਆ ਜਾਵੇਗਾ। ਉਨ੍ਹਾਂ ਨੇ ਅੱਗੇ ਦੱਸਿਆ ਇਸ ਵਿੱਚ ਦੋਵੇਂ ਹੀ ਜ਼ਿੰਮੇਵਾਰ ਹਨ, ਡਰਾਈਵਰ ਮੌਕੇ ਤੋਂ ਭੱਜ ਗਿਆ ਹੈ ਅਤੇ ਸਕੂਲ ਮੈਨੇਜਮੈਂਟ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਤਫ਼ਤੀਸ਼ ਦੌਰਾਨ ਜਿਸ ਦੀ ਵੀ ਅਣਗਹਿਲੀ ਸਾਹਮਣੇ ਆਵੇਗੀ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।
ਮੁੱਖ ਮੰਤਰੀ ਨੇ ਦਿੱਤੇ ਜਾਂਚ ਦੇ ਹੁਕਮ- ਇਸ ਹਾਦਸੇ ਬਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਇਸ ਦੀ ਮੈਜਿਸਟਰੀਅਲ ਜਾਂਚ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਸੰਗਰੂਰ ਵਿੱਚੋਂ ਬੇਹੱਦ ਮੰਦਭਾਗੀ ਖ਼ਬਰ ਆਈ ਹੈ ਕਿ 4 ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ ਅਤੇ ਜਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਡੀਸੀ ਅਤੇ ਐੱਸਐੱਸਪੀ ਸੰਗਰੂਰ ਮੌਕੇ ‘ਤੇ ਮੌਜੂਦ ਹਨ ਅਤੇ ਮੈਂ ਮੈਜਿਸਟਰੀਅਲ ਜਾਂਚ ਦੇ ਦਿੱਤੇ ਹਨ। ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਨੇੜੇ ਸਕੂਲ ਵੈਨ ਨੂੰ ਅੱਗ ਲੱਗਣ ਕਾਰਨ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਗੁਆਇਆ ਹੈ, ਉਨ੍ਹਾਂ ਲਈ ਮੇਰਾ ਦਿਲ ਭਰ ਆਇਆ ਹੈ। ਇਸ ਦੁਖਾਂਤ ਨੇ ਪੂਰੇ ਰਾਸ਼ਟਰ ਨੂੰ ਹੈਰਾਨ ਕਰ ਦਿੱਤਾ ਹੈ। ਜ਼ਖਮੀਆਂ ਲਈ ਜਲਦ ਤੰਦੁਰਤਸੀ ਲਈ ਪ੍ਰਾਰਥਨਾਵਾਂ। ਮੈਂ ਸੂਬਾ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਦੁਖੀ ਪਰਿਵਾਰਾਂ ਲਈ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ ਜਾਵੇ।
ਹਾਦਸੇ ਵਾਲੀ ਥਾਂ ਮੌਕੇ ‘ਤੇ ਪਹੁੰਚੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਇਸ ਤੋਂ ਦਰਦਨਾਕ ਵਾਕਿਆ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਖ਼ਿਲਾਫ਼ ਤਾਂ 302 ਦਾ ਪਰਚਾ ਦਰਜ ਹੋਣਾ ਹੀ ਚਾਹੀਦਾ ਹੈ ਅਤੇ ਸਰਕਾਰ ਨੂੰ ਇਨ੍ਹਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ ਵੀ ਦੇਣਾ ਚਾਹੀਦਾ ਹੈ ਉਹ ਬਹੁਤ ਗਰੀਬ ਪਰਿਵਾਰ ਹਨ। ਪ੍ਰਸ਼ਾਸਨ ਨੂੰ ਸਾਰੀਆਂ ਗੱਡੀਆਂ ਦੀ ਚੈਕਿੰਗ ਕਰਨੀ ਚਾਹੀਦੀ ਹੈ, ਇਸ ਤਰ੍ਹਾਂ ਦੀਆਂ ਹੋਰ ਗੱਡੀਆਂ ਵੀ ਹੋ ਸਕਦੀਆਂ ਹਨ।